ਰੋਪੜ: ਪੰਜਾਬ ਜੋ ਕਿ ਮੇਲੇ ਅਤੇ ਤਿਉਹਾਰਾਂ ਦੇ ਨਾਲ ਨਾਲ ਜੁੜਿਆ ਹੋਇਆ ਇੱਕ ਸਭ ਤੋਂ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ। ਇੱਥੇ ਹਰ ਰੁੱਤ ਕੋਈ ਨਾ ਕੋਈ ਧਾਰਮਿਕ ਸਮਾਗਮ, ਖੇਡ ਮੇਲਾ, ਕਬੱਡੀ ਕੱਪ ਟੂਰਨਾਮੈਂਟ, ਰਾਜਨੀਤਿਕ ਸਮਾਗਮ ਅਤੇ ਵਿਆਹਾਂ ਦੇ ਸਮਾਗਮ ਹੁੰਦੇ ਰਹਿੰਦੇ ਹਨ। ਹਾਸ ਦੇ ਦਿਨਾਂ ਵਿੱਚ ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਇਹ ਸਾਰੇ ਸਮਾਗਮ ਹੋਣੇ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ।
ਇਨ੍ਹਾਂ ਸਮਾਗਮਾਂ ਦੇ ਠੱਪ ਹੋਣ ਦੇ ਨਾਲ ਇਸ ਦਾ ਸਭ ਤੋਂ ਵੱਧ ਅਸਰ ਸਾਊਂਡ ਸਿਸਟਮ ਦੇ ਕਾਰੋਬਾਰ ਨਾਲ ਜੁੜੇ ਦੁਕਾਨਦਾਰਾਂ 'ਤੇ ਪਿਆ ਹੈ। ਪੂਰੇ ਪੰਜਾਬ ਵਿੱਚ ਤਕਰੀਬਨ 4 ਤੋਂ 5 ਲੱਖ ਲੋਕ ਡੀ.ਜੇ. ਸਾਊਂਡ ਸਿਸਟਮ ਸਪੀਕਰ ਆਦਿ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਪਰ ਹੁਣ ਕੋਰੋਨਾ ਕਾਲ ਦੇ ਵਿੱਚ ਸਮਾਗਮ ਨਾ ਹੋਣ ਕਾਰਨ ਇਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ।
ਇਸ ਕਾਰੋਬਾਰ ਨਾਲ ਜੁੜੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਇਸ ਕੋਰੋਨਾ ਮਹਾਂਮਾਰੀ ਦੇ ਕਾਰਨ ਉਨ੍ਹਾਂ ਦਾ ਸਾਰਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ। ਉਨ੍ਹਾਂ ਦੇ ਬਣਾਏ ਸਪੀਕਰ ਡੀ.ਜੇ. ਸਿਸਟਮ ਸਾਊਂਡ ਸਿਸਟਮ ਹਿਮਾਚਲ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਸਪਲਾਈ ਹੁੰਦੇ ਸੀ ਪਰ ਹੁਣ ਕੋਰੋਨਾ ਕਾਰਨ ਕੋਈ ਸਮਾਗਮ ਨਹੀਂ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਛੋਟੇ ਡੀ.ਜੇ. ਸਿਸਟਮ ਦਾ ਕੰਮ ਕਰਨ ਵਾਲੇ ਦੁਕਾਨਦਾਰ ਉਨ੍ਹਾਂ ਕੋਲ ਆਪਣਾ ਸਾਮਾਨ ਵੇਚਣ ਵਾਸਤੇ ਆ ਰਹੇ ਹਨ ਕਿਉਂਕਿ ਕੰਮਕਾਰ ਨਾ ਹੋਣ ਕਾਰਨ ਉਨ੍ਹਾਂ ਦੀ ਹਾਲਤ ਵੀ ਬਹੁਤ ਖਸਤਾ ਹੋ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਸਾਡੇ ਵਰਗ ਵੱਲ ਵੀ ਕੋਈ ਧਿਆਨ ਦੇਵੇ ਤਾਂ ਜੋ ਸਾਡੇ ਘਰ, ਦੁਕਾਨਾਂ, ਬੱਚਿਆਂ ਦੀਆਂ ਫੀਸਾਂ ਦੇ ਖਰਚੇ ਅਤੇ ਲੋਨ ਦੀਆਂ ਕਿਸ਼ਤਾਂ ਦਾ ਕੁੱਝ ਬਣ ਸਕੇ।