ਪਟਿਆਲਾ: ਪੁਲਿਸ ਵੱਲੋਂ ਐਕਸਿਸ ਬੈਂਕ ਦੇ ਸੇਲਜ਼ ਅਫ਼ਸਰ ਤੇ ਸਾਬਕਾ ਮੁਲਾਜ਼ਮ ਵੱਲੋਂ ਕ੍ਰੈਡਿਟ ਕਾਰਡ ਦੀਆਂ ਆਨਲਾਈਨ ਠੱਗੀਆਂ ਮਾਰਨ ਦਾ ਪਰਦਾਫ਼ਾਸ਼ ਕੀਤਾ ਹੈ। ਪਟਿਆਲਾ ਪੁਲਿਸ ਲਾਈਨ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਵੱਲੋਂ ਐਕਸਿਸ ਬੈਂਕ ਦੇ ਸੇਲਜ਼ ਅਫ਼ਸਰ ਅਤੇ ਐਕਸਿਸ ਬੈਂਕ ਦੇ ਹੀ ਇਕ ਸਾਬਕਾ ਮੁਲਾਜ਼ਮ ਨੂੰ ਕਾਬੂ ਕਰਕੇ ਉਨ੍ਹਾਂ ਵੱਲੋਂ ਕਰੈਡਿਟ ਕਾਰਡਾਂ ਰਾਹੀਂ ਆਨਲਾਈਨ ਠੱਗੀਆਂ ਕਰਨ ਦਾ ਪਰਦਾਫਾਸ਼ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਸੋਨਾ, ਮੋਬਾਈਲ ਸਿਮ, ਮੋਬਾਈਲ ਫੋਨ ਆਦਿ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਸਾਈਬਰ ਵਿੰਗ ਪਟਿਆਲਾ ਵਿਖੇ ਕਾਫੀ ਦੇਰ ਤੋਂ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਹੋਲਡਰਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਸੀ ਕਿ ਉਨ੍ਹਾਂ ਦੇ ਕ੍ਰੈਡਿਟ ਕਾਰਡ ਖ਼ਾਤੇ ਵਿੱਚੋਂ ਆਨਲਾਈਨ ਸੋਨਾ ਤੇ ਹੋਰ ਚੀਜ਼ਾਂ ਦੀ ਖ਼ਰੀਦਦਾਰੀ ਹੋ ਰਹੀ ਹੈ ਤੇ ਖਾਤੇ ਵਿੱਚੋਂ ਪੈਸੇ ਕੱਟੇ ਜਾ ਰਹੇ ਹਨ।
ਇਸੇ ਤਹਿਤ ਜਦੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਸਾਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਕਿ ਇਹ ਸਭ ਕੋਈ ਬਾਹਰਲਾ ਨਹੀਂ, ਬਲਕਿ ਬੈਂਕ ਦੇ ਇੱਕ ਕਰਮਚਾਰੀ ਵਲੋਂ ਕੀਤਾ ਜਾ ਰਿਹਾ ਸੀ। ਇਸ ਸਾਮਾਨ ਦਾ ਬਿੱਲ ਵੀ ਨਾਲ ਹੁੰਦਾ ਸੀ ਜਿਸ ਕਰਕੇ ਸਾਮਾਨ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਂਦੀ ਸੀ। ਵਿਕਾਸ ਸਰਪਾਲ ਜੋ ਕਿ ਪਿਛਲੇ 3 ਸਾਲਾਂ ਤੋਂ ਬੈਂਕ ਵਿੱਚ ਕੰਮ ਕਰਦਾ ਆ ਰਿਹਾ ਹੈ, ਇਹ ਦੋਵੇਂ ਮਿਲ ਕੇ ਪਿਛਲੇ ਕਾਫ਼ੀ ਅਰਸੇ ਤੋਂ ਆਨਲਾਈਨ ਠੱਗੀਆਂ ਮਾਰਨ ਦਾ ਕੰਮ ਕਰਦੇ ਸਨ। ਐਸਐਸਪੀ ਮਨਦੀਪ ਸਿੱਧੂ ਨੇ ਦੱਸਿਆ ਕੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਦਿੱਲੀ ਚੋਣਾਂ 2020: ਮਨਜੀਤ ਸਿੰਘ ਜੀਕੇ ਵੱਲੋਂ ਭਾਜਪਾ ਨੂੰ ਸਮਰਥਨ ਦਾ ਐਲਾਨ