ਮੋਗਾ: ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਵਿਖੇ ਵਿਰਾਸਤੀ ਥਾਂ ਨੂੰ ਲੈ ਕੇ ਇੱਕ 62 ਸਾਲਾ ਬਜ਼ੁਰਗ ਅੰਮ੍ਰਿਤਧਾਰੀ ਔਰਤ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਨਿਹਾਲ ਸਿੰਘ ਵਾਲਾ ਪੁਲਿਸ ਨੇ ਬਜ਼ੁਰਗ ਪ੍ਰੀਤਮ ਕੌਰ ਦੇ ਬਿਆਨਾਂ ਦੇ ਆਧਾਰ 'ਤੇ 8 ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸੀ, ਜਿਸ ਤੋਂ ਖ਼ਫ਼ਾ ਪਿੰਡ ਵਾਸੀਆਂ ਨੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਧਾਣੇ ਦਾ ਘਿਰਾਓ ਕੀਤਾ ਅਤੇ ਰੋਸ਼ ਪ੍ਰਦਰਸ਼ਨ ਕੀਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਪੀੜਤ ਪਰਿਵਾਰ ਮੁਤਾਬਕ ਬਜ਼ੁਰਗ ਮਹਿਲਾ ਅੰਮ੍ਰਿਤਧਾਰੀ ਹੈ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਸੀ, ਜਿਸ ਦੇ ਚਲਦਿਆਂ ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295ਏ ਲਗਾਈ ਜਾਵੇ।
ਇਸ ਸੰਬੰਧੀ ਪੁਲਿਸ ਅਧਿਕਾਰੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਜ਼ਮੀਨ ਦੇ ਝਗੜੇ ਨੂੰ ਲੈ ਕੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ 8 ਦੋਸ਼ੀਆਂ ਚੋਂ 2 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।