ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਬਹਾਦਰ ਕੇ ਰੋਡ ਉੱਤੇ ਸਥਿਤ ਕੱਪੜਿਆਂ ਦੀ ਫੈਕਟਰੀ ਦੇ ਵਿੱਚ ਚੋਰੀ ਹੋਣ ਦੇ ਮਾਮਲੇ ਅੰਦਰ ਬੀਤੇ ਦਿਨ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੀ ਲੇਬਰ ਅਤੇ ਉਸ ਦੇ ਮਾਲਕ ਵੱਲੋਂ ਇੱਕ ਮਾਂ ਅਤੇ ਉਸ ਦੀਆਂ ਤਿੰਨ ਬੇਟੀਆਂ ਦੇ ਗਲ ਵਿੱਚ ਚੋਰ ਦੀਆਂ ਤਖ਼ਤੀਆਂ ਪਾ ਕੇ ਅਤੇ ਮੂੰਹ ਕਾਲਾ ਕਰਕੇ ਵੀਡੀਓ ਬਣਾਇਆ ਅਤੇ ਵਾਇਰਲ ਕਰ ਦਿੱਤਾ। ਜਿਸ ਉੱਤੇ ਪੁਲਿਸ ਨੇ ਸਖ਼ਤ ਐਕਸ਼ਨ ਲਿਆ ਹੈ ਅਤੇ ਬਿਨ੍ਹਾਂ ਕਿਸੇ ਸ਼ਿਕਾਇਤ ਦੇ ਮਾਮਲੇ ਦੀ ਜਾਂਚ ਕਰਨ ਲਈ ਮੌਕੇ ਉੱਤੇ ਪਹੁੰਚ ਗਈ ਹੈ। ਪੁਲਿਸ ਨੇ ਕਿਹਾ ਕਿ ਫੈਕਟਰੀ ਮਾਲਕ ਸਮੇਤ ਜੋ ਵੀ ਇਸ ਮਾਮਲੇ ਵਿੱਚ ਮੁਲਜ਼ਮ ਪਾਇਆ ਗਿਆ ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ
ਪੂਰਾ ਮਾਮਲਾ ਲੁਧਿਆਣਾ ਦੇ ਬਹਾਦਰ ਕੇ ਰੋਡ ਉੱਤੇ ਸਥਿਤ ਕੱਪੜਾ ਫੈਕਟਰੀ ਦਾ ਹੈ। ਜਿੱਥੇ ਅਭਿਸ਼ੇਕ ਨਾਂ ਦਾ ਨੌਜਵਾਨ ਪਿਛਲੇ 2 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ ਅਤੇ ਉਸ ਨੇ ਫੈਕਟਰੀ ਦੇ ਵਿੱਚੋਂ ਕੁਝ ਕੱਪੜੇ ਦੇ ਪੀਸ ਆਪਣੇ ਕੋਲ ਰੱਖੇ ਹੋਏ ਸਨ ਅਤੇ ਉਸ ਨੇ ਆਪਣੇ ਹੀ ਵਿਹੜ੍ਹੇ ਦੇ ਵਿੱਚ ਰਹਿਣ ਵਾਲੀ ਇੱਕ ਮਾਂ ਅਤੇ ਉਸ ਦੀ ਤਿੰਨ ਧੀਆਂ ਜਿਨ੍ਹਾਂ ਵਿੱਚੋਂ ਇੱਕ ਧੀ ਦਾ ਵਿਆਹ ਜਲਦ ਹੀ ਹੋਣ ਵਾਲਾ ਸੀ, ਉਹਨਾਂ ਨੂੰ ਵੇਚ ਦਿੱਤੇ। ਜਿਸ ਤੋਂ ਬਾਅਦ ਜਦੋਂ ਫੈਕਟਰੀ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ ਉੱਤੇ ਪਹੁੰਚ ਗਏ। ਉਹਨਾਂ ਨੇ ਅਭਿਸ਼ੇਕ ਦੀ ਪਹਿਲਾਂ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਮਾਂ ਅਤੇ ਉਸ ਦੀਆਂ ਤਿੰਨਾਂ ਧੀਆਂ ਦੇ ਗਲਿਆਂ ਦੇ ਵਿੱਚ ਵੀ ਤਖਤੀਆਂ ਪਾ ਦਿੱਤੀਆਂ ਅਤੇ ਉਹਨਾਂ ਦਾ ਮੂੰਹ ਕਾਲਾ ਕਰਕੇ ਘੁੰਮਾਇਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
'ਸਾਡਾ ਕਸੂਰ ਸਿਰਫ ਇੰਨਾਂ ਕੀ ਅਸੀਂ ਚੋਰੀ ਦੇ ਪੀਸ ਖਰੀਦੇ ਸਨ'
ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਕਸੂਰ ਸਿਰਫ ਇੰਨਾਂ ਹੈ ਕਿ ਉਹਨਾਂ ਨੇ ਉਹ ਚੋਰੀ ਦੇ ਪੀਸ ਖਰੀਦੇ ਸਨ। ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਪੀਸ ਮੁਲਜ਼ਮ ਚੋਰੀ ਕਰਕੇ ਆਇਆ ਹੈ। ਜਦੋਂ ਕਿ ਫੈਕਟਰੀ ਦੇ ਵਿੱਚ ਪ੍ਰਬੰਧ ਕਰਨ ਵਾਲੇ ਪ੍ਰਬੰਧਕ ਨੇ ਦੱਸਿਆ ਕਿ ਬੀਤੇ ਦਿਨ ਦਾ ਮਾਮਲਾ ਹੈ। ਉਹਨਾਂ ਕਿਹਾ ਕਿ ਲਗਾਤਾਰ ਫੈਕਟਰੀ ਦੇ ਵਿੱਚ ਚੋਰੀ ਹੋ ਰਹੀਆਂ ਸਨ। ਜਿਸ ਤੋਂ ਗੁੱਸੇ ਵਿੱਚ ਆ ਕੇ ਇਹ ਕਾਰਵਾਈ ਕੰਮ ਕਰਨ ਵਾਲੀ ਲੇਬਰ ਨੇ ਕੀਤਾ ਹੈ, ਉਹਨਾਂ ਕਿਹਾ ਕਿ ਫੈਕਟਰੀ ਦੇ ਮਾਲਕ ਨੇ ਉਹਨਾਂ ਨੂੰ ਰੋਕਿਆ ਸੀ, ਪਰ ਉਹ ਨਹੀਂ ਰੁਕੇ। ਉਹਨਾਂ ਕਿਹਾ ਕਿ ਇਹ ਜੋ ਵੀ ਹੋਇਆ ਹੈ ਉਹ ਗਲਤ ਹੋਇਆ ਹੈ ਗੁੱਸੇ ਦੇ ਵਿੱਚ ਕੀਤਾ ਗਿਆ ਹੈ। ਅਸੀਂ ਇਸ ਦੀ ਗਲਤੀ ਮੰਨਦੇ ਹਾਂ, ਉਹਨਾਂ ਕਿਹਾ ਕਿ ਮੈਂ ਵੀ ਉਦੋਂ ਮੌਕੇ ਤੇ ਮੌਜੂਦ ਸੀ ਇਸ ਦੇ ਵਿੱਚ ਮੇਰਾ ਵੀ ਕਸੂਰ ਹੈ।
ਲੁਧਿਆਣਾ ਦੀ ਬਸਤੀ ਜੋਧੇਵਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੀ ਬਸਤੀ ਜੋਧੇਵਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਕੋਈ ਚੋਰੀ ਹੋਈ ਸੀ ਤਾਂ ਪੁਲਿਸ ਨੂੰ ਸ਼ਿਕਾਇਤ ਕਰਨੀ ਚਾਹੀਦੀ ਸੀ ਨਾ ਕਿ ਇਸ ਤਰ੍ਹਾਂ ਬੱਚੀਆਂ ਦੇ ਗਲ ਦੇ ਵਿੱਚ ਤਖ਼ਤੀਆਂ ਪਾ ਕੇ ਘੁੰਮਾਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਅਸੀਂ ਐਕਸ਼ਨ ਲੈ ਰਹੇ ਹਾਂ। ਹਾਲਾਂਕਿ ਸਾਨੂੰ ਇਸ ਸਬੰਧੀ ਪੀੜਤ ਪਰਿਵਾਰ ਨੇ ਸ਼ਿਕਾਇਤ ਨਹੀਂ ਕੀਤੀ ਹੈ।
3 ਲੋਕਾਂ ਖਿਲਾਫ ਮਾਮਲਾ ਦਰਜ
ਲੁਧਿਆਣਾ ਮਹਿਲਾ ਅਤੇ ਉਸ ਦੀ ਬੇਟੀ ਨੂੰ ਮੂੰਹ ਕਾਲਾ ਕਰਕੇ ਘੁੰਮਾਉਣ ਦੇ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ। ਪੁਲਿਸ ਨੇ ਮਾਮਲਾ ਦਰਜ ਕਰਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਸੀ। ਜਿਸ ਦੀ ਪੁਸ਼ਟੀ ਪੁਲਿਸ ਅਧਿਕਾਰੀ ਨੇ ਕੀਤੀ ਹੈ। ਜੋਇਟ ਕਮਿਸ਼ਨਰ ਸ਼ੁਭਮ ਅਗਰਵਾਲ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਕੀਤੀ ਸਾਂਝੀ ਉਧਰ ਮਹਿਲਾ ਕਮਿਸ਼ਨ ਨੇ ਵੀ ਇਸ ਖਬਰ ਨੂੰ ਲੈ ਕੇ ਸਖ਼ਤ ਨੋਟਿਸ ਲਿਆ ਹੈ।