ਅੰਮ੍ਰਿਤਸਰ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ 2024 ਤੋਂ ਸ਼ੰਭੂ ਬਾਰਡਰ 'ਤੇ ਮੋਰਚਾ ਲਗਾਇਆ ਗਿਆ ਹੈ। ਇਸੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਆਗੂਆਂ ਵੱਲੋਂ ਕਈ ਕਦਮ ਚੁੱਕੇ ਗਏ ਨੇ ਅਤੇ ਕਈ ਕਦਮ ਆਉਣ ਵਾਲੇ ਸਮੇਂ 'ਚ ਚੁੱਕੇ ਜਾਣਗੇ। ਇਸ ਨੂੰ ਲੈ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕੀਤੀ ਗਈ।
"ਚੱਲੋ ਸ਼ੰਭੂ" ਦਾ ਨਾਅਰਾ
ਕਿਸਾਨ ਆਗੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਸ਼ੰਭੂ ਮੋਰਚੇ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਲੋੜ ਹੈ। ਇਸ ਲਈ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਲੈ ਕੇ ਸ਼ੰਭੂ ਪਹੁੰਚਣ ਨੂੰ ਕਿਹਾ ਗਿਆ ਹੈ। ਇਸ ਦੌਰਾਨ "ਚੱਲੋ ਸ਼ੰਭੂ" ਦਾ ਨਾਅਰਾ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਪੰਜਾਬ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਦੇਣ ਤੋਂ ਬਚਾਉਣਾ ਹੈ।
ਮਰਨ ਵਰਤ ਜਾਰੀ
ਕਾਬਲੇਜ਼ਿਕਰ ਹੈ ਕਿ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਲਗਤਾਰ ਮਰਨ ਵਰਤ ਜਾਰੀ ਹੈ। ਡਾਕਟਰੀ ਸਹਾਇਤਾ ਲੈਣ ਮਗਰੋਂ ਡੱਲੇਵਾਲ ਦੀ ਸਿਹਤ 'ਚ ਕੁੱਝ ਸੁਧਾਰ ਹੋਇਆ ਹੈ। ਤੁਹਾਨੂੰ ਦਸ ਦਈਏ ਕਿ 26 ਜਨਵਰੀ ਨੂੰ ਦੇਸ਼ ਭਰ 'ਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ।
ਕੇਂਦਰ ਸਰਕਾਰ ਵਲੋਂ ਮੀਟਿੰਗ ਦਾ ਸੱਦਾ
ਦੂਜੇ ਪਾਸੇ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਸਰਹੱਦ ਵਿਖੇ ਮਰਨ ਵਰਤ ਦੇ 55ਵੇਂ ਦਿਨ ਉਨ੍ਹਾਂ ਨੂੰ ਗੁਲੂਕੋਜ਼ ਦਿੱਤਾ ਗਿਆ। ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਖਨੌਰੀ ਪੁੱਜੇ ਸਨ। ਉਨ੍ਹਾਂ ਨੇ ਡੱਲੇਵਾਲ ਨਾਲ ਮਿਲ ਕੇ 14 ਫ਼ਰਵਰੀ ਨੂੰ ਮੀਟਿੰਗ ਲਈ ਸੱਦਾ ਦਿੱਤਾ।ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਖਨੌਰੀ ਤੇ ਸ਼ੰਭੂ ਬਾਰਡਰ ਉੱਤੇ ਧਰਨਾ ਦਿੱਤਾ ਗਿਆ ਹੈ। ਇਹ ਧਰਨਾ ਪਿਛਲੇ ਸਾਲ 13 ਫ਼ਰਵਰੀ, 2024 ਨੂੰ ਸ਼ੁਰੂ ਹੋਇਆ, ਜੋ ਅਜੇ ਤੱਕ ਜਾਰੀ ਹੈ। ਇਸ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਵਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ, ਜੋ ਅੱਜ 58ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ। ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਪ੍ਰਦਰਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਵੀ ਸੁਣਵਾਈਆਂ ਲਗਾਤਾਰ ਹੋ ਰਹੀਆਂ ਹਨ।