ਮੋਗਾ: ਜਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਸਮੂਹ ਜੁਡੀਸ਼ੀਅਲ ਅਫ਼ਸਰ, ਖਪਤਕਾਰ ਫੋਰਮ, ਕਾਨੂੰਨੀ ਸੇਵਾਵਾਂ ਅਥਾਰਟੀ ਸਥਾਈ ਲੋਕ ਅਦਾਲਤ ਦੇ ਸਹਿਯੋਗ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਬਾਰ ਮੈਂਬਰਾਂ ਨੇ ਕਿਹਾ ਕਿ ਜੇਕਰ ਅਸੀਂ ਧੀਆਂ ਦੀ ਲੋਹੜੀ ਮਨਾਵਾਂਗੇ ਤਾਂ ਹੀ ਪੁੱਤਾਂ ਦੀ ਘੋੜੀ ਗਾ ਕੇ ਸ਼ਗਨ ਮਨਾਏ ਜਾ ਸਕਣਗੇ। ਸਾਡੇ ਸਮਾਜ ਦੀ ਮੁੰਡੇ ਕੁੜੀਆਂ ਵਿੱਚ ਅਸਮਾਨਤਾ ਵਾਲੀ ਭਾਵਨਾ ਲੋਹੜੀ ਦੇ ਤਿਉਹਾਰ ਦੀ ਪਵਿੱਤਰਤਾ ਭੰਗ ਕਰਦੀ ਜਾਪਦੀ ਹੈ, ਕਿਉਂਕਿ ਜੇਕਰ ਕਿਸੇ ਘਰ ਪੁੱਤ ਜੰਮਿਆ ਤਾਂ ਇਸ ਤਿਉਹਾਰ ਨੂੰ ਵਧੇਰੇ ਖੁਸ਼ੀ ਨਾਲ ਮਨਾ ਲਿਆ ਜਾਂਦਾ ਪਰ ਇਸ ਤਿਉਹਾਰ ਦੀ ਤਾਂਹੀ ਸਾਰਥਕਤਾ ਹੈ, ਜੇਕਰ ਲੜਕੀਆਂ ਲਈ ਵੀ ਇਹ ਤਿਉਹਾਰ ਮਨਾਇਆ ਜਾਵੇ।
ਇਹ ਵੀ ਪੜ੍ਹੋ: ਕਿਸਾਨ ਅਤੇ ਮਜ਼ਦੂਰਾਂ ਨੇ ਮਨਾਈ ਸੰਘਰਸ਼ੀ ਲੋਹੜੀ, ਕਾਰਪੋਰੇਟ ਪੱਖੀ ਨੀਤੀਆਂ ਦੀਆਂ ਸਾੜੀਆਂ ਕਾਪੀਆਂ
ਸੋਚ ਬਦਲਣ ਦੀ ਲੋੜ: ਮੋਗਾ ਬਾਰ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਗਰਗ ਐਡਵੋਕੇਟ ਨੇ ਕਿਹਾ ਕਿ ਜੇਕਰ ਧੀ ਜੰਮਦੀ ਹੈ ਤਾਂ ਵੀ ਇਸ ਤਿਉਹਾਰ ਨੂੰ ਖੁਸ਼ੀਆਂ ਚਾਵਾਂ ਨਾਲ ਮਨਾਉਣਾ ਚਾਹੀਦਾ ਹੈ। ਕਿਸੇ ਵੀ ਪਰਿਵਾਰ ਦੇ ਮੈਂਬਰਾਂ ਦੇ ਚਿਹਰਿਆਂ 'ਤੇ ਕਿਤੇ ਨਾ ਕਿਤੇ ਉਦਾਸੀ ਜਾਂ ਉਦਰੇਵਾਂ ਜ਼ਰੂਰ ਹੁੰਦਾ ਹੈ, ਪਰ ਇਹ ਸਰਾਸਰ ਗਲਤ ਹੈ। ਇਸ ਲਈ ਸੋਚ ਬਦਲਣ ਦੀ ਲੋੜ ਹੈ। ਅੱਜ ਲੋੜ ਹੈ ਸਾਨੂੰ ਇਸ ਆਧੁਨਿਕ ਸਦੀ ਵਿਚ ਕੁੱਝ ਨਵਾਂ ਸੋਚਣ ਦੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ਬਾਰ ਦੇ ਪ੍ਰਧਾਨ ਸੁਨੀਲ ਗਰਗ, ਜਨਰਲ ਸਕੱਤਰ ਤੇਜਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਪਹਿਲੀ ਵਾਰ ਬਾਰ ਦੀ ਪਹਿਲਕਦਮੀ 'ਤੇ ਪਰੰਪਰਾ ਅਤੇ ਸੱਭਿਆਚਾਰ ਦੇ ਤਿਉਹਾਰ ਮੌਕੇ ਸਾਰੇ ਬੈਂਚਾਂ ਅਤੇ ਉਨ੍ਹਾਂ ਦੇ ਬਾਕੀ ਮੈਂਬਰਾਂ ਨੂੰ ਇੱਕ ਮੰਚ 'ਤੇ ਲਿਆਉਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਬਾਰ ਵਿਚਕਾਰ ਸਦਭਾਵਨਾ ਅਤੇ ਸਦਭਾਵਨਾ ਦਾ ਮਾਹੌਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ, ਧੀ ਅਤੇ ਪੁੱਤਰ ਵਿਚਲੇ ਫਰਕ ਦੀ ਸੋਚ ਨੂੰ ਖਤਮ ਕਰਨ ਦੇ ਮਨੋਰਥ ਵਜੋਂ ਇਸ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬੁਢਾਪੇ ਵਿਚ ਰੁਲਦੇ ਤੇ ਪੁੱਤਰਾਂ ਹੱਥੋਂ ਤ੍ਰਿਸਕਾਰੇ ਮਾਪਿਆਂ ਦਾ ਸਹਾਰਾ ਧੀਆਂ ਹੀ ਬਣਦੀਆਂ ਹਨ। ਸੋ ਅੱਜ ਸਾਨੂੰ ਲੋੜ ਹੈ ਲੋਹੜੀ ਦੇ ਤਿਉਹਾਰ ਮੌਕੇ ਧੀਆਂ ਪ੍ਰਤੀ ਇਸ ਸੌੜੀ ਅਤੇ ਦਲਿੱਦਰਤਾ ਭਰੀ ਸੋਚ ਨੂੰ ਬਦਲਣ ਦੀ। ਇਸ ਸੌੜੀ ਸੋਚ ਨੂੰ ਬਦਲਣ ਨਾਲ ਹੀ ਅਸਲ ਅਰਥਾਂ ਵਿਚ ''ਦਲਿੱਦਰ ਦੀ ਜੜ੍ਹ ਚੁੱਲ੍ਹੇ'' ਪਵੇਗੀ ਤੇ ਇਸ ਤਿਉਹਾਰ ਦੇ ਸਹੀ ਅਰਥ ਸਾਹਮਣੇ ਆਉਣਗੇ।