ਮਾਨਸਾ : ਆਏ ਦਿਨ ਜਿਥੇ ਸ਼ਹਿਰਾਂ ਵਿੱਚ ਅਪਰਾਧ ਵੱਧ ਰਹੇ ਹਨ, ਉਥੇ ਹੀ ਮਾਨਸਾ ਪੁਲਿਸ ਵੱਲੋਂ ਆਮ ਜਨਤਾ ਲਈ ਨਵਾਂ ਉਪਰਾਲਾ ਕੀਤਾ ਗਿਆ ਹੈ। ਮਾਨਸਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਲੋਕਾਂ ਦੇ ਗੁੰਮ ਹੋਏ ਮੋਬਾਇਲ ਬਰਾਮਦ ਕੀਤੇ ਗਏ। ਪੁਲਿਸ ਵਿਭਾਗ ਵੱਲੋਂ ਅੱਜ ਤਕਰੀਬਨ 100 ਵੱਧ ਲੋਕਾਂ ਨੂੰ ਉਨ੍ਹਾਂ ਦੇ ਮੋਬਾਇਲ ਸੌਂਪੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਮਾਨਸਾ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਹ ਮੋਬਾਇਲ ਪੰਜਾਬ, ਹਰਿਆਣਾ, ਯੂਪੀ, ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਬਰਾਮਦ ਕੀਤੇ ਗਏ ਹਨ। ਇਹ ਮੋਬਾਈਲ ਮਹਿੰਗੇ ਹਨ ਤੇ ਮੋਬਾਇਲ ਮਾਲਕਾਂ ਨੂੰ ਉਨ੍ਹਾਂ ਦੇ ਫੋਨ ਸੌਂਪ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਲਗਾਤਾਰ ਗੁੰਮ ਹੋਏ ਮੋਬਾਇਲਾਂ ਦੀ ਪੜਤਾਲ ਕੀਤੀ ਜਾ ਰਹੀ ਸੀ। ਜਿਸ ਦੇ ਤਹਿਤ ਹੁਣ 100 ਦੇ ਕਰੀਬ ਮੋਬਾਇਲ ਸੈਮਸੰਗ ਆਈਫੋਨ ਅਤੇ ਹੋਰਨਾਂ ਮਹਿੰਗੇ ਮੋਬਾਇਲ ਬਰਾਮਦ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਵੀ ਮੋਬਾਈਲ ਮਾਲਕਾਂ ਨੂੰ ਉਨ੍ਹਾਂ ਦੇ ਮੋਬਾਈਲ ਸੌਂਪੇ ਗਏ ਸਨ। ਹੁਣ ਤੱਕ 100 ਮੋਬਾਈਲ ਮਿਲਾ ਕੇ 913 ਮੋਬਾਈਲ ਬਰਾਮਦ ਕਰਕੇ ਮੋਬਾਈਲ ਮਾਲਕਾਂ ਨੂੰ ਵਾਪਸ ਦਿੱਤੇ ਜਾ ਚੁੱਕੇ ਹਨ।
ਫੋਨ ਵਾਪਸ ਮਿਲਣ ਤੇ ਮੋਬਾਇਲ ਮਾਲਕਾਂ ਨੇ ਮਾਨਸਾ ਪੁਲਿਸ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੇ ਮਾਨਸਾ ਪੁਲਿਸ ਦੇ ਇਸ ਅਭਿਆਨ ਦੀ ਸ਼ਲਾਘਾ ਕੀਤੀ।