ਮਾਨਸਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸੁਨਾਮ ਰੋਡ 'ਤੇ ਘੇਰੇ ਰਿਲਾਇੰਸ ਪੰਪ ਉੱਤੇ ਬੁੱਧਵਾਰ ਨੂੰ ਪੰਜਾਬ ਕਲਾ ਰੰਗ ਮੰਚ ਦੇ ਨਾਟਕਕਾਰਾਂ ਨੇ ਮੌਜੂਦਾ ਸਿਆਸਤ 'ਤੇ ਵਿਅੰਗ ਕਰਦਿਆਂ 'ਕੁਰਸੀ ਨਾਚ ਨਚਾਏ' ਡਰਾਮੇ ਦਾ ਮੰਚਨ ਕੀਤਾ। ਸਿਆਸਤ ਉਪਰ ਕੀਤੇ ਗਏ ਇਸ ਵਿਅੰਗ ਦੀ ਧਰਨੇ ਵਿੱਚ ਮੌਜੂਦ ਲੋਕਾਂ ਨੇ ਭਰਪੂਰ ਪ੍ਰਸ਼ੰਸਾ ਕੀਤੀ।
ਕਲਾਕਾਰਾਂ ਤਰਸੇਮ ਰਾਹੀਂ ਅਤੇ ਤਰਸੇਮ ਸੇਮੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਡਰਾਮੇ ਦਾ ਮੰਚਨ ਕਰਨ ਵਾਲੇ ਕਲਾਕਾਰਾਂ ਨੇ ਦੱਸਿਆ ਕਿ ਇਹ ਨਾਟਕ ਧਰਨਾਕਾਰੀ ਕਿਸਾਨਾਂ, ਕਿਸਾਨਾਂ ਔਰਤਾਂ ਅਤੇ ਕਿਸਾਨਾਂ ਦੇ ਬੱਚਿਆਂ ਨੂੰ ਮੌਜੂਦਾ ਸਮੇਂ ਦੀ ਰਾਜਨੀਤੀ ਪ੍ਰਤੀ ਜਾਗਰੂਕ ਕਰਨ ਲਈ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਦੀ ਅਜ਼ਾਦੀ ਨੂੰ 70 ਸਾਲ ਹੋ ਚੁੱਕੇ ਹਨ ਅਤੇ ਨੇਤਾਵਾਂ ਦੇ ਚਿਹਰੇ ਬਦਲੇ ਹਨ ਪਰ ਲੋਕਾਂ ਵਿੱਚ ਕੋਈ ਤਬਦੀਲੀ ਨਜ਼ਰ ਨਹੀਂ ਆਈ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਲੋਕ ਜਾਗਰੂਕ ਹੋ ਕੇ ਸੜਕਾਂ ਉੱਤੇ ਉਤਰੇ ਹਨ, ਜਿਨ੍ਹਾਂ ਨੂੰ ਉਹ ਲੰਬੇ ਸਮੇਂ ਤੋਂ ਜਾਗਰੂਕ ਕਰਨਾ ਚਾਹੁੰਦੇ ਸਨ ਅਤੇ ਇਹ ਵੇਖ ਕੇ ਤਸੱਲੀ ਜ਼ਰੂਰ ਹੋਈ ਹੈ ਕਿ ਸਾਡੇ ਲੋਕ ਕੁੱਝ ਨਾ ਕੁੱਝ ਜਾਗਰੂਕ ਹੋਏ ਹਨ।
ਧਰਨੇ ਵਿੱਚ ਸ਼ਾਮਿਲ ਔਰਤਾਂ ਵੀਰਪਾਲ ਕੌਰ ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਨਾਟਕ 'ਕੁਰਸੀ ਨਾਚ ਨਚਾਏ' ਦੀ ਪੇਸ਼ਕਾਰੀ ਬਹੁਤ ਹੀ ਪ੍ਰਭਾਵੀ ਸੀ। ਨਾਟਕ ਵਿੱਚ ਵਿਖਾਇਆ ਗਿਆ ਕਿ ਸਰਕਾਰਾਂ ਤੇ ਝੰਡਾ ਤਾਂ ਬਦਲ ਜਾਂਦੇ ਹਨ ਪਰ ਸਭ ਇੱਕੋ ਥਾਲੀ ਦੇ ਚੱਟੇ-ਵੱਟੇ ਹੁੰਦੇ ਹਨ। ਪਰੰਤੂ ਅਖੀਰ ਇਹ ਵੀ ਵਿਖਾਇਆ ਗਿਆ ਕਿ ਲੋਕ ਹੁਣ ਸਮਝਦਾਰ ਹੋ ਗਏ ਹਨ ਅਤੇ ਇਨ੍ਹਾਂ ਲੀਡਰਾਂ ਦੇ ਲਾਰਿਆਂ ਵਿੱਚ ਨਹੀਂ ਆਉਣਗੇ।