ਮਾਨਸਾ: ਜ਼ਿਲ੍ਹੇ 'ਚ ਇੱਕ ਕੁੜੀ ਨੂੰ ਉਸਦੇ ਸਹੁਰੇ ਪਰਿਵਾਰ ਵਾਲਿਆਂ ਨੇ ਦਾਜ ਦੀ ਮੰਗ ਕਰਦਿਆਂ ਕੁੱਟਮਾਰ ਕੀਤੀ। ਦਰਅਸਲ ਕੁੜੀ ਤਿੰਨ ਮਹੀਨੇ ਦੀ ਗਰਭਵਤੀ ਸੀ ਅਤੇ ਕੁੱਟਮਾਰ ਕਾਰਨ ਗਰਭ 'ਚ ਪਲ ਰਹੇ ਉਸ ਨੇ ਬੱਚੇ ਦੀ ਮੌਤ ਹੋ ਗਈ। ਪੀੜਤਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੀੜਤਾ ਨੇ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਦਾਜ-ਦਹੇਜ ਦੇ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਪਰ ਜਦੋਂ ਉਹ ਤਿੰਨ ਮਹੀਨੇ ਦੀ ਗਰਭਪਤੀ ਹੋ ਗਈ ਤਾਂ ਉਸਨੂੰ ਪਰੇਸ਼ਾਨ ਕਰਨ ਲੱਗੇ ਅਤੇ ਇੱਕ ਦਿਨ ਇੰਨੀ ਮਾਰਕੁੱਟ ਕੀਤੀ ਕਿ ਉਸ ਦਾ ਗਰਭਪਾਤ ਹੋ ਗਿਆ। ਪੀੜਤ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਨਾਲ ਹੀ ਤਿੰਨ ਮਹੀਨੇ ਦੇ ਭਰੂਣ ਨੂੰ ਵੀ ਹਸਪਤਾਲ 'ਚ ਹੀ ਰੱਖਿਆ ਗਿਆ ਹੈ। ਡਾਕਟਰਾਂ ਨੇ ਭਰੂਣ ਦੇ ਟੈਸਟ ਲੈ ਕੇ ਜਾਂਚ ਲਈ ਲੈਬਰੋਟਰੀ ਨੂੰ ਭੇਜ ਦਿੱਤੇ ਹਨ।
ਪੀੜਤਾ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰੇ ਦਾਜ ਲਈ ਤੰਗ ਕਰਦੇ ਸੀ ਤਾਂ ਕਈ ਵਾਰ ਪੰਚਾਇਤਾਂ ਨੂੰ ਨਾਲ ਲੈ ਕੇ ਸਮਝੌਤਾ ਵੀ ਹੋਇਆ ਸੀ ਪਰ ਉਹ ਕੁੜੀ ਨੂੰ ਪਰੇਸ਼ਾਨ ਕਰਨੋਂ ਨਹੀਂ ਹਟੇ। ਕੁੜੀ ਦੇ ਮਾਪਿਆਂ ਨੇ ਸਹੁਰਿਆਂ ਨੂੰ ਕਈ ਵਾਰ ਨਕਦ ਪੈਸੇ ਵੀ ਦਿੱਤੇ ਪਰ ਫ਼ਿਰ ਵੀ ਕੁੜੀ ਨੂੰ ਸਹੁਰਾ ਪਰਿਵਾਰ 'ਚ ਸਨਮਾਨ ਨਹੀਂ ਮਿਲਿਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਸਹੁਰਾ ਪਰਿਵਾਰ ਦੇ ਤਿੰਨ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਭਾਲ ਜਾਰੀ ਹੈ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।