ਅੰਮ੍ਰਿਤਸਰ: ਇੱਕ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਤਨਖਾਹ ਲਗਾ ਕੇ ਉਹਨਾਂ ਦੀ ਬਣਦੀ ਹੋਈ ਸਜ਼ਾ ਦਿੱਤੀ ਜਾਵੇ। ਜਿਸ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਦੋ ਦਸੰਬਰ ਨੂੰ ਇੱਕ ਵੱਡੀ ਇਕੱਤਰਤਾ ਸੱਦੀ ਗਈ ਹੈ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰਾਂ ਨੂੰ ਵੀ ਸੱਦਿਆ ਗਿਆ ਹੈ ਅਤੇ ਆਪਣਾ ਸਪੱਸ਼ਟੀਕਰਨ ਦੇਣ ਦੀ ਗੱਲ ਕਹੀ ਗਈ ਹੈ।
ਜਥੇਦਾਰ ਨੂੰ ਮਿਲੇ ਸਾਂਸਦ ਸਰਬਜੀਤ ਸਿੰਘ ਖਾਲਸਾ
ਉਥੇ ਦੂਸਰੇ ਪਾਸੇ ਅੱਜ ਇੱਕ ਵਾਰ ਫਿਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਲਈ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਪਹੁੰਚੇ। ਉਹਨਾਂ ਵੱਲੋਂ ਖਦਸ਼ਾ ਜਤਾਇਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸਤੀਫ਼ਿਆਂ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਜਥੇਦਾਰ ਸਾਹਿਬਾਨਾਂ ਦੇ ਨਾਲ ਸਿੱਖ ਕੌਮ
ਸਾਂਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਉਹ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਅਤੇ ਜਥੇਦਾਰ ਸਿੰਘ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਵੀ ਸੁਣਨ 'ਚ ਆਇਆ ਸੀ ਕਿ ਜਥੇਦਾਰ ਸਾਹਿਬਾਨਾਂ ਦੇ ਬੱਚਿਆਂ ਦੀ ਰੇਕੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੀ ਸਿੱਖ ਕੌਮ ਤੇ ਦੇਸ਼-ਵਿਦੇਸ਼ ਦੀ ਸੰਗਤ ਜਥੇਦਾਰ ਸਾਹਿਬਾਨਾਂ ਦੇ ਨਾਲ ਖੜੀ ਹੋਈ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਦਬਾਅ ਤੋਂ ਸਜ਼ਾ ਲਗਾਈ ਜਾਵੇ।
ਅਕਾਲੀ-ਭਾਜਪਾ ਦੀ ਸਾਂਝ 'ਚ ਪੰਥ ਦਾ ਨੁਕਸਾਨ
ਇਸ ਦੇ ਨਾਲ ਹੀ ਸਾਂਸਦ ਖਾਲਸਾ ਨੇ ਕਿਹਾ ਕਿ ਇੰਨ੍ਹਾਂ ਲੀਡਰਾਂ ਦੀ ਭਾਜਪਾ ਨਾਲ ਸਾਂਝ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਮਿਲ ਕੇ ਭਾਜਪਾ ਨਾਲ ਸਰਕਾਰਾਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੀ ਸਾਂਝ ਦੌਰਾਨ ਹੀ ਪੰਥ ਦਾ ਵੱਡਾ ਨੁਕਸਾਨ ਹੋਇਆ ਹੈ। ਸਾਂਸਦ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਕਿਸੇ ਸਮੇਂ ਭਾਜਪਾ ਸਰਕਾਰ 'ਚ ਮੰਤਰੀ ਵੀ ਰਹੇ ਹਨ।
ਬਿਨਾਂ ਡਰ ਤੋਂ ਜਥੇਦਾਰ ਦੇਣ ਫੈਸਲਾ
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਜਲਦ ਹੀ ਉਨਾਂ ਦੇ ਉੱਤੇ ਫੈਸਲਾ ਆਉਣ ਵਾਲਾ ਹੈ। ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਕਿਸੇ ਦੇ ਵੀ ਤਬਾਅ ਹੇਠ ਆ ਕੇ ਕੋਈ ਵੀ ਫੈਸਲਾ ਨਾ ਲਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਜੋ ਵੀ ਪੰਥ ਦੇ ਹੱਕ 'ਚ ਫੈਸਲਾ ਹੋਏਗਾ, ਉਹ ਹੀ ਸੁਖਬੀਰ ਸਿੰਘ ਨੂੰ ਸੁਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਤੇ ਦਬਾਅ ਤੋਂ ਫੈਸਲਾ ਲਓ, ਕਿਉਂਕਿ ਸਿੱਖ ਕੌਮ ਤੁਹਾਡੇ ਨਾਲ ਖੜੀ ਹੈ।