ਮਾਨਸਾ: ਜ਼ਿਲ੍ਹੇ ਦੇ ਪਿੰਡ ਕੁਸਲਾ ਦੇ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਨਾਇਕ ਨਿਰਮਲ ਸਿੰਘ ਦੀ ਮਾਂ ਦੀ ਤਰਸਯੋਗ ਹਾਲਤ ਦੀਆਂ ਖ਼ਬਰਾਂ ਮੀਡੀਆ ਵਿੱਚ ਨਸ਼ਰ ਹੋਈਆਂ ਸਨ। ਇਸ ਤੋਂ ਬਾਅਦ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਪੰਜਾਬੀ ਗਾਇਕਾ ਅਤੇ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਪਿੰਡ ਕੁਸਲਾ ਵਿੱਚ ਸ਼ਹੀਦ ਦੀ ਮਾਤਾ ਨੂੰ ਮਿਲਣ ਪਹੁੰਚੇ। ਕਿਸੇ ਕਾਰਨ ਸ਼ਹੀਦ ਨਿਰਮਲ ਸਿੰਘ ਦੀ ਮਾਤਾ ਉਨ੍ਹਾਂ ਨੂੰ ਨਹੀਂ ਮਿਲ ਸਕੇ।
ਇਸ ਮੌਕੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਕਿ ਸਰਕਾਰਾਂ ਸਾਡੇ ਸ਼ਹੀਦਾਂ ਦੀ ਸ਼ਹਾਦਤ ਮੌਕੇ ਤਾਂ ਬਹੁਤ ਸਾਰੇ ਐਲਾਨ ਕਰਦੀਆਂ ਨੇ ਪਰ ਉਸ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦੇਖ ਭਾਲ ਨਹੀਂ ਕੀਤੀ ਜਾਂਦੀ। ਇਸ ਦੇ ਚੱਲਦਿਆਂ ਉਨ੍ਹਾਂ ਦੇ ਪਰਿਵਾਰ ਰੁਲਣ ਦੇ ਲਈ ਮਜ਼ਬੂਰ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਉਹ ਸ਼ੇਰਨੀ ਮਾਂਵਾਂ ਹੁੰਦੀਆਂ ਨੇ ਜੋ ਸ਼ਹੀਦ ਨਿਰਮਲ ਸਿੰਘ ਵਰਗੇ ਸੂਰਬੀਰਾਂ ਨੂੰ ਜਨਮ ਦਿੰਦੀਆਂ ਹਨ ਪਰ ਸਰਕਾਰਾਂ ਦੀ ਬੇਰੁਖ਼ੀ ਦੇ ਚੱਲਦਿਆਂ ਅੱਜ ਸ਼ਹੀਦ ਨਾਇਕ ਨਿਰਮਲ ਸਿੰਘ ਦੀ ਮਾਂ ਮਜ਼ਦੂਰੀ ਕਰਨ ਦੇ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹੀਦ ਨਿਰਮਲ ਸਿੰਘ ਦੀ ਮਾਂ ਦੀ ਹਰ ਤਰ੍ਹਾਂ ਮਦਦ ਲਈ ਤਿਆਰ ਹਨ। ਉਨ੍ਹਾਂ ਕਿਹਾ ਸਰਕਾਰ ਦੀ ਝਾਕ ਨਾ ਰੱਖਦੇ ਹੋਏ ਸਾਨੂੰ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਦਾ ਆਪ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਅਜਿਹੇ ਮਾਪਿਆਂ ਨੂੰ ਸਲੂਟ ਕਰਨ ਨੂੰ ਦਿਲ ਕਰਦਾ ਹੈ ਜਿਸ ਨੇ ਇਸ ਤਰ੍ਹਾਂ ਦਾ ਸੂਰਬੀਰ ਪੈਦਾ ਕੀਤਾ ਹੈ।