ਮਾਨਸਾ: ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਵੱਲੋਂ ਆੜ੍ਹਤੀਆਂ ਨੂੰ ਮਿਲਦੀ ਆੜਤ 2.5 ਫੀਸਦੀ ਤੋਂ ਘੱਟ ਕਰਕੇ ਇੱਕ ਫ਼ੀਸਦੀ ਕਰਨ ਬਾਰੇ ਦਿੱਤੇ ਬਿਆਨ ਤੋਂ ਭੜਕੇ ਆੜ੍ਹਤੀਆਂ ਨੇ ਮਾਨਸਾ ਵਿੱਚ ਕਾਰੋਬਾਰ ਬੰਦ ਕਰਕੇ ਆੜ੍ਹਤੀਆਂ ਐਸੋਸੀਏਸ਼ਨ ਦੀ ਅਗਵਾਈ ਹੇਠ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਆੜਤੀਆਂ ਦਾ ਕਹਿਣਾ ਹੈ ਕਿ ਸਰਕਾਰ ਇਸ ਫੈਸਲੇ ਨੂੰ ਜਲਦ ਵਾਪਸ ਲਵੇ, ਨਹੀਂ ਤਾਂ ਉਹ ਸਰਕਾਰ ਨੂੰ ਇਸਦਾ ਮੂੰਹ ਤੋੜਵਾਂ ਜਵਾਬ ਦੇਣਗੇ।
ਆੜਤੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਵੱਲੋ ਨਰਮੇ ਦੀ ਫਸਲ ਤੇ ਆੜ੍ਹਤ 2.5 ਫੀਸਦੀ ਤੋਂ ਘਟਾ ਕੇ 1 ਫੀਸਦੀ ਕਰਨ ਦਾ ਬਿਆਨ ਦਿੱਤਾ ਹੈ, ਜਿਨ੍ਹਾਂ ਦਾ ਤਰਕ ਹੈ ਕਿ ਨਰਮੇ ਦੀ ਖਰੀਦ ’ਤੇ ਆੜ੍ਹਤੀਆਂ ਨੂੰ ਘੱਟ ਖਰਚੇ ਪੈਂਦੇ ਹਨ।
ਉਨ੍ਹਾਂ ਕਿਹਾ ਅੱਗੇ ਕਿ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ਵਿੱਚ 2 ਦਿਨਾਂ ਲਈ ਮੁਕੰਮਲ ਹੜਤਾਲ ਕੀਤੀ ਗਈ ਹੈ ਅਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਨਰਮੇ ਦੀ ਫਸਲ ਤੇ ਵੀ ਆੜਤੀਆਂ ਨੂੰ ਕਾਫੀ ਖਰਚੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਫੈਸਲੇ ਨੂੰ ਵਾਪਿਸ ਨਾ ਲਿਆ ਤਾਂ ਉਹ ਸਰਕਾਰ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ।
ਕਾਬਿਲੇਗੌਰ ਹੈ ਕਿ ਕੁਝ ਸਮਾਂ ਪਹਿਲਾਂ ਹੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਾਲਵੇ ਦੀ ਨਰਮਾਂ ਪੱਟੀ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ। ਇਸ ਤੋਂ ਬਾਅਦ ਇੱਕ ਮੀਟਿੰਗ ਤੋਂ ਬਾਅਦ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਲਾਭ ਦੇਣ ਲਈ ਨਰਮੇ ‘ਤੇ ਆੜਤ ਫੀਸ 2.5 ਫੀਸਦੀ ਤੋਂ ਘਟਾ ਕੇ 1 ਫੀਸਦੀ ਕੀਤੀ ਜਾਵੇਗੀ। ਜਿਸ ਤੇ ਆੜ੍ਹਤੀ ਐਸੋਸੀਏਸ਼ਨ ਭੜਕ ਚੁੱਕਿਆ ਹੈ।
ਇਹ ਵੀ ਪੜੋ: 14 ਸਾਲਾਂ ਬਾਅਦ ਮੁੜ ਤੋਂ ਖੁਲ੍ਹਿਆ ਲੜਕੀਆਂ ਦਾ ਸਰਕਾਰੀ ਪੋਲੀਟੈਕਨਿਕ ਕਾਲਜ ਰੋਪੜ