ਮਾਨਸਾ: ਜ਼ਿਲ੍ਹਾ ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ 6 ਸਾਲ ਦੇ ਮਾਸੂਮ ਉਦੈਵੀਰ ਦੇ ਕਤਲ ਮਾਮਲੇ ਵਿੱਚ ਮਾਨਸਾ ਦੀ ਸਦਰ ਪੁਲਿਸ ਵੱਲੋਂ 4 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਦਾੈ ਕਹਿਣਾ ਹੈ ਕਿ ਜਿਹੜੇ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਨ੍ਹਾਂ ਵਿੱਚ ਮ੍ਰਿਤਕ ਉਦੈਵੀਰ ਦੀ ਚਾਚੀ ਮਨਪ੍ਰੀਤ ਕੌਰ ਤੋਂ ਇਲਾਵਾ ਬਲਵੀਰ ਸਿੰਘ, ਵੀਰਪਾਲ ਕੌਰ ਅਤੇ ਅਜੈਬ ਸਿੰਘ ਸ਼ਾਮਿਲ ਹਨ। ਦੱਸ ਦਈਏ ਪੁਲਿਸ ਨੇ ਇਸ ਮਾਮਲੇ ਵਿੱਚ ਮਾਸੂਮ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਸ਼ੂਟਰਾਂ ਨੂੰ ਤਾਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਹੁਣ ਚਾਰ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਪੁਲਿਸ ਦੇ ਨਵੇਂ ਖ਼ੁਲਾਸੇ: ਪੁਲਿਸ ਨੇ ਮਾਮਲੇ ਵਿੱਚ ਅਹਿਮ ਖ਼ੁਲਾਸੇ ਕਰਦਿਆਂ ਕਿਹਾ ਕਿ 4 ਮੁਲਜ਼ਮਾਂ ਵਿੱਚ ਸ਼ਾਮਿਲ ਮ੍ਰਿਤਕ ਉਦੈਵੀਰ ਦੀ ਚਾਚੀ ਮਨਪ੍ਰੀਤ ਕੌਰ ਦਾ ਪਤੀ ਪਹਿਲਾਂ ਹੀ ਮਰ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਮ੍ਰਿਤਕ ਉਦੈਵੀਰ ਦੀ ਭੈਣ ਆਪਣੀ ਚਾਚੀ ਦੇ ਪੇਕੇ ਘਰ ਗਈ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ ਸੀਰੀ ਉੱਤੇ ਉਦੈਵੀਰ ਦੀ ਭੈਣ ਨੇ ਛੇੜਛਾੜ ਕਰਨ ਦੇ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਕੁੜੀ ਦੇ ਪਿਤਾ ਜਸਵੰਤ ਸਿੰਘ ਨੇ ਮਨਪ੍ਰੀਤ ਕੌਰ ਦੇ ਪੇਕੇ ਪਰਿਵਾਰ ਜਾ ਕੇ ਹੰਗਾਮਾ ਕੀਤਾ ਜਿਸ ਤੋਂ ਬਾਅਦ ਇਨ੍ਹਾਂ ਵਿੱਚ ਆਪਸੀ ਰੰਜਿਸ਼ ਪੈਦਾ ਹੋ ਗਈ। ਪੁਲਿਸ ਮੁਤਾਬਿਕ ਇਸ ਤੋਂ ਬਾਅਦ ਮਨਪ੍ਰੀਤ ਕੌਰ ਅਤੇ ਉਸ ਦੇ ਪਰਿਵਾਰ ਨੇ ਜਸਵੰਤ ਸਿੰਘ ਤੋਂ ਬਦਲਾ ਲੈਣ ਲਈ ਇਹ ਵਾਰਦਾਤ ਕਰਵਾਈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਫਿਲਹਾਲ ਅਗਲੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਮਾਮਲੇ ਦੀ ਤੈਅ ਤੱਕ ਪਹੁੰਚ ਕੀਤੀ ਜਾਵੇਗੀ।
ਜ਼ਮੀਨੀ ਰੰਜਿਸ਼: ਦੱਸ ਦਈਏ ਮੀਡੀਆ ਦੇ ਹਵਾਲੇ ਤੋਂ ਮਾਮਲੇ ਵਿੱਚ ਇਹ ਵੀ ਖ਼ਬਰਾਂ ਆ ਰਹੀਆਂ ਨੇ ਕਿ ਮ੍ਰਿਤਕ ਹਰਉਦੇਵੀਰ ਸਿੰਘ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਅਤੇ ਉਸ ਦੇ ਹਿੱਸੇ ਕਈ ਏਕੜ ਜ਼ਮੀਨ ਆਉਂਦੀ ਸੀ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਉਦੈਵੀਰ ਦੀ ਚਾਚੀ ਅਤੇ ਉਸ ਦੇ ਪੇਕਿਆਂ ਨੇ ਜ਼ਮੀਨ ਦੇ ਲਾਲਚ ਕਰਕੇ ਹੀ ਉਦੈਵੀਰ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਹੈ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਜੋ ਕਹਾਣੀ ਦੱਸੀ ਉਹ ਮੀਡੀਆ ਵਿੱਚ ਚੱਲ ਰਹੀਆਂ ਖ਼ਬਰਾਂ ਦੇ ਬਿਲਕੁਲ ਉਲਟ ਹੈ ਅਤੇ ਪੁਲਿਸ ਨੇ ਮਾਮਲੇ ਅੰਦਰ 4 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕਰਨ ਦੀ ਪੁਸ਼ਟੀ ਕੀਤੀ ਹੈ। ਮਾਮਲੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਮਾਸੂਮ ਦੇ ਅਸਲ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਹੋਰ ਕਿੰਨੀ ਸ਼ਿੱਦਤ ਅਤੇ ਜਲਦੀ ਨਾਲ ਕਾਰਵਾਈ ਕਰਦੀ ਹੈ।
ਇਹ ਵੀ ਪੜ੍ਹੋ: Pakistani drone shot down: BSF ਨੇ ਗੁਰਦਾਸਪੁਰ ਵਿੱਚ ਪਾਕਿਸਤਾਨੀ ਡਰੋਨ 'ਤੇ ਕੀਤੀ ਫਾਇਰਿੰਗ, ਮੌਕੇ ਤੋਂ ਹਥਿਆਰ ਬਰਾਮਦ