ਲੁਧਿਆਣਾ: ਪਿਛਲੇ 2 ਸਾਲਾਂ ਤੋਂ ਲੁਧਿਆਣਾ ਦੇ ਭਾਈ ਮੰਨਾ ਸਿੰਘ ਨਗਰ ਵਿੱਚ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਵਿਸ਼ਵ ਸਤਿਸੰਗ ਸਭਾ ਦੇ ਸੇਵਾਦਾਰਾਂ ਵਲੋਂ ਮੁਫ਼ਤ ਸਿੱਖਿਆ ਦੇ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਉੱਥੇ ਹੀ ਮੰਗਲਵਾਰ ਮੁਫ਼ਤ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਦੇ ਪਰਿਵਾਰਾਂ ਨੂੰ ਲੋੜੀਂਦਾ ਰਾਸ਼ਨ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਂਟੀ ਨਾਰਕੋਟਿਕ ਸੈੱਲ ਦੇ ਮੁਖੀ ਇੰਸਪੈਕਟਰ ਜਗਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਦਾ ਹੌਂਸਲਾ ਵਧਾਇਆ ਤੇ ਬੱਚਿਆਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।
ਦੱਸ ਦਈਏ, ਇਹ ਸੰਸਥਾ ਗਰੀਬ ਬੱਚਿਆਂ ਨੂੰ ਕਾਪੀਆਂ ਪੈਨਸਲਾਂ, ਬੂਟ ਚੱਪਲਾਂ ਤੇ ਘਰ ਦਾ ਰਾਸ਼ਨ ਵੀ ਹਰ ਮਹੀਨੇ ਮੁਹੱਈਆ ਕਰਵਾਉਂਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਸ਼ਵ ਸਤਿਸੰਗ ਸਭਾ ਦੀ ਮੈਂਬਰ ਰਣਜੀਤ ਕੌਰ ਨੇ ਦੱਸਿਆ ਕਿ ਇਹ ਪ੍ਰੇਰਨਾ ਉਨ੍ਹਾਂ ਨੂੰ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਜੀ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਵਿੱਚ ਹੀ ਸਭ ਦੀ ਭਲਾਈ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਅੱਗੇ ਵੀ ਨਿਰੰਤਰ ਜਾਰੀ ਰਹੇਗੀ।
ਉੱਥੇ ਹੀ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਸਲਾਘਾ ਯੋਗ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਇਹੋ ਜਿਹੀਆਂ ਸੰਸਥਾਵਾਂ ਦੁਨੀਆਂ ਤੇ ਹਨ ਉਦੋਂ ਤੱਕ ਕੋਈ ਵੀ ਗਰੀਬ ਭੁੱਖਾ ਨਹੀਂ ਸੋ ਸਕਦਾ।