ਅੰਮ੍ਰਿਤਸਰ : ਬੀਤੇ ਦਿਨ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦੇ ਵਿੱਚ ਲੱਗੀ ਡਾਕਟਰ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਨੂੰ ਕੱਲ੍ਹ ਇੱਕ ਵਿਅਕਤੀ ਵੱਲੋਂ ਤੋੜਨ ਦੀ ਕੋਸ਼ਿਸ਼ ਤੋਂ ਬਾਅਦ ਅੱਜ ਦਲਿਤ ਭਾਈਚਾਰੇ ਵੱਲੋਂ ਸ਼ਹਿਰ ਨੂੰ ਬੰਦ ਕੀਤਾ ਗਿਆ ਹੈ। ਉੱਥੇ ਹੀ ਕਾਂਗਰਸੀ ਆਗੂਆਂ ਵੱਲੋਂ ਡਾਕਟਰ ਅੰਬੇਡਕਰ ਦੇ ਬੁੱਤ ਨੂੰ ਦੁੱਧ ਨਾਲ ਧੋਤਾ ਗਿਆ। ਇਸ ਮੌਕੇ ਗੱਲ ਕਰਦਿਆਂ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਧੇ।
'ਆਪ' 'ਤੇ ਭੜਕੇ ਗੁਰਜੀਤ ਔਜਲਾ
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਦੋਂ ਚੌਂਕੀਆਂ ਥਾਣਿਆਂ ਦੇ ਵਿੱਚ ਬੰਬ ਬਲਾਸਟ ਹੁੰਦੇ ਹਨ ਤਾਂ ਉਸ ਨੂੰ ਟਾਇਰ ਫਟਣਾ ਅਤੇ ਰੇਡੀਏਟਰ ਫਟਣ ਦਾ ਨਾਮ ਦੇ ਕੇ ਪੰਜਾਬ ਦੇ ਅਮਨ ਕਾਨੂੰਨ ਨੂੰ ਸਹੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਲਦੀਪ ਸਿੰਘ ਧਾਰੀਵਾਲ ਵੱਲੋਂ ਬੀਤੇ ਦਿਨ ਅੰਮ੍ਰਿਤਸਰ 'ਚ ਪਹੁੰਚ ਕੇ ਜੋ ਸਥਿਤੀ ਉਹਨਾਂ ਦੇ ਕਾਬੂ ਵਿੱਚ ਹੈ ਇਸ ਦਾ ਬਿਆਨ ਦਿੱਤਾ ਗਿਆ ਹੈ, ਉਹ ਸਿਰਫ ਅਤੇ ਸਿਰਫ ਉਨ੍ਹਾਂ ਲੋਕਾਂ ਨੂੰ ਲੁਭਾਵਨੇ ਬਿਆਨ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਧਾਲੀਵਾਲ ਦੇ ਬਿਆਨਾਂ ਤੋਂ ਲਗਦਾ ਹੈ ਕਿ ਉਹ ਆਪ ਮੰਦਬੁਧੀ ਬੱਚੇ ਹਨ। ਸੰਸਦ ਮੈਂਬਰ ਨੇ ਇਸ ਮਾਮਲੇ ਦੀ ਜਾਂਚ ਕਿਸੇ ਜੱਜ ਦੀ ਨਿਗਰਾਨੀ ਹੇਠ ਕੀਤੇ ਜਾਣ ਦੀ ਮੰਗ ਕੀਤੀ। ਉੱਥੇ ਦੂਸਰੇ ਪਾਸੇ ਡਾਕਟਰ ਰਾਜਕੁਮਾਰ ਵੇਰਕਾ ਵੱਲੋਂ ਵੀ ਪੰਜਾਬ ਦੇ ਮੁੱਖ ਮੰਤਰੀ ਉੱਤੇ ਸਵਾਲੀਆਂ ਨਿਸ਼ਾਨ ਖੜ੍ਹੇ ਕੀਤੇ ਗਏ ਅਤੇ ਕਿਹਾ ਕਿ ਜੇਕਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਈ ਤਾਂ ਅਸੀਂ ਅੰਮ੍ਰਿਤਸਰ ਨਹੀਂ ਪੂਰਾ ਪੰਜਾਬ ਵੀ ਬੰਦ ਕਰਵਾਵਾਂਗੇ ਅਤੇ ਲਾਅ ਐਂਡ ਆਰਡਰ ਦਾ ਫੇਲੀਅਰ ਪਿੱਛੇ ਸਿਰਫ ਅਤੇ ਸਿਰਫ ਪੰਜਾਬ ਦੇ ਮੁੱਖ ਮੰਤਰੀ ਹੀ ਜ਼ਿੰਮੇਵਾਰ ਹਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਾ ਬੀ ਆਰ ਅੰਬੇਦਕਰ ਜੀ ਦੇ ਬੁੱਤ ਨਾਲ ਭੰਨ ਤੋੜ ਬੇਹੱਦ ਮੰਦਭਾਗੀ ਘਟਨਾ ਹੈ। ਪਿਛਲੇ ਕੁਝ ਸਾਲਾਂ ਤੋਂ ਭਾਰਤ ਅੰਦਰ ਚੱਲ ਲਈ ਪਿਛਲੇ ਕਈ ਸਾਲਾਂ ਤੋਂ ਘੱਟ ਗਿਣਤੀ ਅਤੇ ਦੱਬੇ ਕੁਚਲੇ ਲੋਕਾਂ ਖਿਲਾਫ ਫਲਾਈ ਜਾ ਰਹੀ ਨਫ਼ਰਤ ਦਾ ਨਤੀਜਾ ਹੈ। ਇਹ ਵੀ ਮੰਦਭਾਗਾ ਹੈ ਕਿ ਕਿਸੇ ਨੇਤਾ ਨੇ ਗਲਤ ਰੰਗਤ ਦਿੰਦਿਆ ਇਸ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ 'ਚ ਹੋਈ ਘਟਨਾ ਦੱਸਿਆ ਹੈ। ਜੋ ਸਿੱਖਾਂ ਖਿਲਾਫ ਨਫ਼ਰਤੀ ਪ੍ਰਚਾਰ ਦਾ ਸਬੱਬ ਬਣਾਉਣ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਮਨਘੜਤ ਹੈ, ਇਸ ਨਾਲ ਸ੍ਰੀ ਹਰਮੰਦਿਰ ਸਾਹਿਬ ਨੂੰ ਬਦਨਾਮ ਕਰਨ ਅਤੇ ਭਾਈਚਾਰੇ 'ਚ ਪਾੜ ਪਾਉਣ ਦੀ ਕੋਸ਼ਿਸ਼ ਹੈ। ਲੋਕਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਬਚਨ ਦੀ ਲੋੜ ਹੈ।
ਅਨੁਸੂਚਿਤ ਜਾਤੀ ਭਾਈਚਾਰੇ ਵਿੱਚ ਭਾਰੀ ਰੋਸ
ਸਵੇਰੇ ਸ਼ਹਿਰ ਵਿੱਚ ਭੰਡਾਰੀ ਪੁੱਲ ’ਤੇ ਵਾਲਮੀਕ ਭਾਈਚਾਰੇ ਨਾਲ ਸਬੰਧਤ ਕੁਝ ਜਥੇਬੰਦੀਆਂ ਵੱਲੋਂ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ ਗਈ ਹੈ। ਇਸੇ ਤਰ੍ਹਾਂ ਹਾਲ ਗੇਟ ਅਤੇ ਹਾਲ ਬਜ਼ਾਰ ਦੇ ਇਲਾਕੇ ਵਿੱਚ ਦੁਕਾਨਾਂ ਵੀ ਬੰਦ ਹਨ। ਇਸ ਦੇ ਮੱਦੇਨਜ਼ਰ ਸ਼ਹਿਰ ਵਿਚ ਵੱਡੀ ਗਿਣਤੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਜੀਪੀਐਸ ਭੁੱਲਰ ਨੇ ਦੱਸਿਆ ਕਿ ''ਕੱਲ੍ਹ ਇੱਕ ਵਿਅਕਤੀ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਦੀ ਪ੍ਰਤਿਮਾ ਨਾਲ ਜਿਹੜੀ ਛੇੜਛਾੜ ਕਿ ਕੋਸ਼ਿਸ਼ ਕੀਤੀ ਗਈ ਹੈ, ਉਹ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗੀ ਘਟਨਾ ਹੈ।'' ''ਉਹ ਸਾਡੇ ਭਾਰਤੀਆਂ ਵਾਸਤੇ ਬਹੁਤ ਸਤਿਕਾਰ ਹਨ ਅਤੇ ਸਾਡੇ ਸੰਵਿਧਾਨ ਦੇ ਰਚਨਾਕਾਰ ਹਨ। ਇਸ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਸਾਰੀਆਂ ਸਖਤ ਤੋਂ ਸਖਤ ਧਾਰਾਵਾਂ ਜੋ ਬਣਦੀਆਂ ਸਨ, ਲਗਾਈਆਂ ਗਈਆਂ ਹਨ।'' ''ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਨਾਮ ਆਕਾਸ਼ ਸਿੰਘ ਹੈ। ਜੋ ਕਿ ਚੁੰਗਾ ਬਸਤੀ, ਧਰਮਕੋਟ, ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਐਸਸੀ ਭਾਈਚਾਰੇ ਤੋਂ ਹੈ।''