ਲੁਧਿਆਣਾ: ਵਾਰਡ ਨੰਬਰ 8 ਦੀ ਗਲੀ 3 ਵਿੱਚ ਉਸ ਵੇਲੇ ਮਾਹੌਲ ਸਹਿਮ ਗਿਆ, ਜਦੋਂ ਇੱਕ ਘਰ ਵਿੱਚ ਸਲੰਡਰ ਫਟਣ ਕਾਰਨ ਇੱਕ ਤੋਂ ਬਾਅਦ ਇੱਕ ਦੋ ਧਮਾਕੇ ਹੋ ਗਏ। ਧਮਾਕਿਆਂ ਵਿੱਚ ਤਿੰਨ ਬੱਚੇ ਅਤੇ ਉਨ੍ਹਾਂ ਦੀ ਮਾਂ ਬੁਰੀ ਤਰ੍ਹਾਂ ਝੁਲਸ ਗਏ। ਤਿੰਨਾਂ ਨੂੰ ਈਐਸਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਮਾਂ ਦੀ ਹਾਲਤ ਗੰਭੀਰ ਵੇਖਦਿਆਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਕਿਰਾਏ 'ਤੇ ਇਥੇ ਰਹਿੰਦਾ ਸੀ ਅਤੇ ਮੈੱਸ ਚਲਾਉਣ ਦਾ ਕੰਮ ਕਰਦੇ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਕਾਨ ਵਿੰਚ ਨਾਜਾਇਜ਼ ਤੌਰ 'ਤੇ ਸਲੰਡਰ ਵੀ ਭਰੇ ਜਾਂਦੇ ਸਨ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗੁਆਂਢ ਵਿੱਚ ਰਹਿੰਦੇ ਇੱਕ ਡਾਕਟਰ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਘਰ ਆਇਆ ਸੀ ਕਿ ਕੁੱਝ ਚਿਰ ਬਾਅਦ ਜ਼ੋਰਦਾਰ ਆਵਾਜ਼ ਆਈ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਧਮਾਕਾ ਹੋਇਆ ਹੋਵੇ।
ਇੱਕ ਹੋਰ ਗੁਆਂਢੀ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਘਰ ਵਿੱਚ ਟੀਵੀ ਵੇਖ ਰਿਹਾ ਸੀ ਕਿ ਇੱਕ ਜ਼ੋਰਦਾਰ ਧਮਾਕਾ ਹੋਇਆ। ਉਹ ਤੁਰੰਤ ਵੇਖਣ ਲਈ ਬਾਹਰ ਆਇਆ ਤਾਂ ਇੱਕ ਹੋਰ ਧਮਾਕਾ ਹੋ ਗਿਆ, ਜਿਸ ਵਿੱਚ 3 ਬੱਚੇ ਅਤੇ ਉਨ੍ਹਾਂ ਦੀ ਮਾਂ ਝੁਲਸ ਗਏ। ਮੌਕੇ 'ਤੇ ਐਂਬੂਲੈਂਸ ਬੁਲਾ ਕੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਮਾਂ ਦੀ ਹਾਲਤ ਗੰਭੀਰ ਦੱਸੀ ਗਈ, ਜੋ ਕਿ 80 ਫ਼ੀਸਦੀ ਝੁਲਸ ਗਈ। ਫਿਲਹਾਲ ਹਾਦਸੇ 'ਚ ਕਿਸੇ ਦੀ ਮੌਤ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।
ਉਧਰ ਮੌਕੇ 'ਤੇ ਪੁੱਜੀ ਪੁਲਿਸ ਪਾਰਟੀ ਦੇ ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਸਤੀ ਜੋਧੇਵਾਲ ਦੇ ਇੱਕ ਘਰ ਵਿੱਚ ਸਲੰਡਰ ਫਟਣ ਦੀ ਸੂਚਨਾ ਮਿਲੀ ਸੀ, ਜਿਸ 'ਤੇ ਉਹ ਤੁਰੰਤ ਮੌਕੇ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਇੱਕ ਹੀ ਪਰਿਵਾਰ ਦੇ ਮੈਂਬਰ ਸਨ ਅਤੇ ਮੈੱਸ ਦਾ ਕੰਮ ਕਰਦੇ ਸਨ। ਮੌਕੇ 'ਤੇ ਇੱਕ ਵੱਡਾ ਅਤੇ ਦੋ ਛੋਟੇ ਸਲੰਡਰ ਮਿਲੇ ਹਨ। ਜ਼ਖ਼ਮੀਆਂ ਵਿੱਚ ਤਿੰਨ ਮੁੰਡੇ ਅਤੇ ਉਨ੍ਹਾਂ ਦੀ ਮਾਂ ਸ਼ਾਮਲ ਹੈ।