ਲੁਧਿਆਣਾ: ਸ਼ਹਿਰ 'ਚੋਂ ਲੰਘਦੀ ਸਿੱਧਵਾਂ ਨਹਿਰ 'ਚ ਡੁੱਬ ਰਹੀ ਇਕ ਔਰਤ ਨੂੰ ਮੌਕੇ ਉੱਤੇ ਹੀ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਮਾਰਸ਼ਲ ਨੇ ਆਪਣੀ ਪੱਗ ਖੋਲ੍ਹ ਕੇ ਬਚਾਉਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਸਿੱਖ ਨੌਜਵਾਨ ਨੇ ਆਪਣੀ ਜਾਨ 'ਤੇ ਖੇਡ ਕੇ ਮਹਿਲਾ ਦੀ ਜਾਨ ਬਚਾਈ ਹੈ।
ਪੂਰਾ ਮਾਮਲਾ ਦੁੱਗਰੀ ਰੋਡ ਟ੍ਰੈਫਿਕ ਲਾਈਟਾਂ ਦਾ ਹੈ, ਜਿੱਥੇ ਏ. ਐੱਸ. ਆਈ. ਬਲਵਿੰਦਰ ਸਿੰਘ ਸੈਣੀ ਅਤੇ ਟ੍ਰੈਫਿਕ ਮਾਰਸ਼ਲ ਸੁੱਚਾ ਸਿੰਘ ਆਪਣੀ ਡਿਊਟੀ ਦੇ ਰਹੇ ਸਨ। ਅਚਾਨਕ ਉਨ੍ਹਾਂ ਨੇ ਦੇਖਿਆ ਕਿ ਇਕ ਔਰਤ ਨੇ ਨਹਿਰ 'ਚ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਦੋਵੇਂ ਟ੍ਰੈਫਿਕ ਮੁਲਾਜ਼ਮ ਅਤੇ ਕੁੱਝ ਆਮ ਲੋਕ ਤੁਰੰਤ (Ludhiana sidhwan canal) ਨਹਿਰ ਵੱਲ ਭੱਜੇ ਅਤੇ ਮਹਿਲਾ ਦੀ ਜਾਨ ਬਚਾਈ।
ਟ੍ਰੈਫਿਕ ਮਾਰਸ਼ਲ ਸੁੱਚਾ ਸਿੰਘ ਨੇ ਬਿਨਾਂ ਸੋਚੇ ਸਮਝੇ ਆਪਣੀ ਪੱਗ ਲਾਹ ਕੇ ਨਹਿਰ ਵੱਲ ਸੁੱਟਿਆ ਜਿਸ ਤੋਂ ਬਾਅਦ ਮਹਿਲਾ ਨੇ ਪਗ਼ ਦਾ ਸਹਾਰਾ ਲਿਆ ਅਤੇ ਉਸ ਨੂੰ ਬਾਹਰ ਕੱਢ ਲਿਆ ਗਿਆ।
ਸੁੱਚਾ ਸਿੰਘ ਟਰੈਫਿਕ ਮਾਰਸ਼ਲ ਹੈ, ਜੋ ਕਿ ਉਸ ਵੇਲੇ ਡਿਊਟੀ ਉੱਤੇ ਤੈਨਾਤ ਸੀ। ਜਿਵੇਂ ਹੀ ਰੌਲਾ ਪਿਆ ਕੇ ਕਿਸੇ ਮਹਿਲਾ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ, ਤਾਂ ਸੁੱਚਾ ਸਿੰਘ ਨੇ ਵੀ ਨਹਿਰ ਵਿੱਚ ਛਾਲ ਮਾਰੀ। ਫਿਰ ਆਪਣੀ ਪੱਗ ਲਾਹ ਕੇ ਮਹਿਲਾ ਨੂੰ ਬਚਾਇਆ। ਉਨ੍ਹਾਂ ਦੱਸਿਆ ਕਿ ਮਹਿਲਾ ਦੀ ਉਮਰ 30 ਸਾਲ ਦੇ ਕਰੀਬ ਹੈ ਅਤੇ ਘਰੇਲੂ ਕਲੇਸ਼ ਕਰਕੇ ਉਸ ਨੇ ਇਹ ਕਦਮ ਚੁੱਕਿਆ। ਇਸ ਨੂੰ ਲੈਕੇ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਨਾਲ ਹੀ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਵੀ ਟ੍ਰੈਫਿਕ ਮਾਰਸ਼ਲ ਸਿੱਖ ਨੌਜਵਾਨ ਦੇ ਹੌਂਸਲੇ ਦੀ ਕਾਫੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਨਾ ਬਚਾਉਂਦੇ ਤਾਂ ਦੇਰ ਹੋ ਸਕਦੀ ਸੀ।
ਇਹ ਵੀ ਪੜ੍ਹੋ: ਪੰਜਾਬ ਵਿੱਚ ਪਿਛਲੇ ਪੰਜ ਮਹੀਨਿਆਂ ਅੰਦਰ ਵਧੇ ਰੇਤ ਦੇ ਦਾਮ