ਲੁਧਿਆਣਾ: ਸੋਸ਼ਲ ਮੀਡੀਆ 'ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਇੱਕ ਹਾਸੋ ਹੀਣੀ ਵੀਡੀਓ ਜੰਮ ਕੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨਾਲ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅਨਸਰਾਂ ਨੇ ਮੀਡੀਆ ਵੱਲੋਂ ਇੰਨਟਰਨੈਟ 'ਤੇ ਪਾਈ ਗਈ ਵੀਡੀਓ ਨੂੰ ਇੱਕਠਾ ਕਰ ਕੇ ਵੀਡੀਓ ਦੀ ਅਵਾਜ਼ ਨੂੰ ਡੱਬ ਕੀਤਾ ਹੈ, ਤੇ ਉਸ ਨੂੰ ਇੱਕ ਹਾਸੋਹੀਣ ਰੰਗ ਦਿੱਤਾ ਹੈ। ਅਕਾਲੀ ਦਲ ਨੇ ਇਸ ਵੀਡੀਓ 'ਤੇ ਇਤਰਾਜ਼ ਜਤਾਉਂਦਿਆਂ ਹੋਇਆਂ ਫ਼ਿਰੋਜ਼ਪੁਰ ਦੇ ਐਸਐਚਓ ਜਗਤਾਰ ਸੰਧੂ 'ਤੇ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦਾ ਇਲਜ਼ਾਮ ਲਗਾਇਆ ਹੈ।
ਪੁਲਿਸ ਅਫ਼ਸਰ ਆਪਣੇ ਕਾਂਗਰਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕਰਦੇ ਨੇ ਵੀਡੀਓ ਵਾਇਰਲ: ਗੁਰਦੀਪ ਸਿੰਘ ਗੋਸ਼ਾ
ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਇਸ 'ਤੇ ਸਖ਼ਤ ਨੋਟਿਸ ਲੈਂਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ। ਵਫ਼ਦ ਨੇ ਮੰਗ ਕੀਤੀ ਹੈ ਕਿ ਐਸਐਚਓ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਜੇ ਪੁਲਿਸ ਅਫ਼ਸਰ ਹੀ ਅਜਿਹੀ ਕੰਮ ਕਰਨਗੇ ਤਾਂ ਪੰਜਾਬ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਪੁਲਿਸ ਆਪਣੇ ਕਾਂਗਰਸੀ ਆਕਾਵਾਂ ਨੂੰ ਖੁਸ਼ ਕਰਨ ਲਈ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਰਹੇ ਹਨ, ਉਨ੍ਹਾਂ ਨੂੰ ਬਖ਼ਸਿਆ ਨਹੀਂ ਜਾਵੇਗਾ।