ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ 'ਚ ਛੁੱਟੀ ਕੱਟਣ ਆਏ ਫੌਜੀ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਫੌਜੀ 32 ਸਾਲਾਂ ਗੁਰਜੀਤ ਸਿੰਘ ਚੀਨ ਦੀ ਸਰਹੱਦ 'ਤੇ ਤਾਇਨਾਤ ਸੀ। ਗੁਰਜੀਤ ਸਿੰਘ ਮੰਗਲਵਾਰ ਨੂੰ ਹੀ ਛੁੱਟੀ 'ਤੇ ਆਪਣੇ ਘਰ ਆਇਆ ਸੀ।
ਫੌਜੀ ਗੁਰਜੀਤ ਸਿੰਘ ਦੇ ਪਿਤਾ ਨਛੱਤਰ ਸਿੰਘ ਅਤੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਛੁੱਟੀ 'ਤੇ ਆਇਆ ਸੀ। ਘਰ ਪਹੁੰਚਣ ਤੋਂ ਕੁਝ ਦੇਰ ਬਾਅਦ ਹੀ ਉਹ ਕਿਸੇ ਕੰਮ ਲਈ ਪਾਇਲ ਚਲਾ ਗਿਆ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੀ ਸਿਹਤ ਵਿਗੜ ਗਈ ਹੈ। ਜਿਸ ਤੋਂ ਬਾਅਦ ਉਹ ਗੁਰਜੀਤ ਸਿੰਘ ਨੂੰ ਲੈ ਕੇ ਪਾਇਲ ਦੇ ਸਰਕਾਰੀ ਹਸਪਤਾਲ ਪਹੁੰਚੇ ਪਰ ਉੱਥੇ ਡਾਕਟਰ ਨਾ ਹੋਣ ਕਾਰਨ ਉਸ ਨੂੰ ਇਲਾਜ ਨਹੀਂ ਮਿਲ ਸਕਿਆ। ਫੌਜੀ ਦੇ ਪਿਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਉਸ ਨੂੰ ਦੋਰਾਹੇ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਬਾਰੇ ਜਦੋਂ ਸਰਕਾਰੀ ਹਸਪਤਾਲ ਪਾਇਲ ਦੇ ਐਸਐਮਓ ਡਾਕਟਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗੁਰਜੀਤ ਸਿੰਘ ਆਪਣੇ ਪਿਤਾ ਨਾਲ ਹਸਪਤਾਲ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਨਾਲ ਸੜਕ ਹਾਦਸਾ ਵਾਪਰਿਆ ਸੀ ਅਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਸੀ। ਡਾਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਜੀਤ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਖੰਨੇ ਲਈ ਰੈਫਰ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਹਸਪਤਾਲ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਭਧ ਹਨ।