ਲੁਧਿਆਣਾ: ਰਾਏਕੋਟ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਦੇ ਮਕਸਦ ਤਹਿਤ ਨਗਰ ਕੌਂਸਲ ਰਾਏਕੋਟ ਵੱਲੋਂ ਐਸ.ਡੀ.ਐਮ. ਡਾ. ਹਿਮਾਂਸ਼ੂ ਗੁਪਤਾ ਦੀ ਅਗਵਾਈ ਹੇਠ ਸ਼ੁਰੂ ਕੀਤੀ 'ਮੇਰਾ ਸ਼ਹਿਰ-ਮੇਰੀ ਜ਼ਿੰਮੇਵਾਰੀ' ਮੁਹਿੰਮ ਤਹਿਤ ਅੱਜ ਰਾਏਕੋਟ ਸ਼ਹਿਰ ਦੀਆਂ ਜਨਤਕ ਅਤੇ ਨਿੱਜੀ ਥਾਵਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਐਸ.ਡੀ.ਐਮ. ਡਾ ਹਿਮਾਂਸ਼ੂ ਗੁਪਤਾ ਨੇ ਸ਼ਹਿਰ ਦੇ ਬਰਨਾਲਾ ਚੌਕ ਤੋਂ ਲੈਕੇ ਬੱਸ ਸਟੈਂਡ ਰਾਏਕੋਟ ਤੱਕ ਸਥਿਤ ਦੁਕਾਨਾਂ ਮਕਾਨਾਂ ਅਤੇ ਖਾਲੀ ਪਲਾਟਾਂ ਦਾ ਨਿਰੀਖਣ ਕੀਤਾ।
ਇਸ ਦੌਰਾਨ ਆਲੇ ਦੁਆਲੇ ਦੇ ਵਸਨੀਕਾਂ, ਪਲਾਟ ਮਾਲਕਾਂ, ਦੁਕਾਨਦਾਰਾਂ, ਮਕਾਨ ਮਾਲਕਾਂ ਨੂੰ ਕੂੜਾ ਨਾ ਸੁੱਟਣ ਲਈ ਸਮਝਾਇਆ ਗਿਆ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਰਾਏਕੋਟ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਇਆ ਜਾ ਸਕੇ, ਉੱਥੇ ਹੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਚਿਤਾਵਨੀ ਦਿੱਤੀ।
ਇਸ ਮੌਕੇ ਐਸ.ਡੀ.ਐਮ. ਡਾ. ਹਿਮਾਂਸ਼ੂ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ, ਗਲੀਆਂ, ਮੁਹੱਲਿਆਂ ਵਿਚ ਜਨਤਕ ਥਾਵਾਂ 'ਤੇ ਕੂੜਾ ਕਰਕਟ ਨਾ ਸੁੱਟਣ, ਬਲਕਿ ਉਸ ਨੂੰ ਕੂੜੇਦਾਨ ਵਿੱਚ ਪਾਉਣ। ਨਾਲ ਹੀ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣ ਅਤੇ ਕੂੜਾ ਸਫਾਈ ਸੇਵਕ ਨੂੰ ਚੁਕਾਓਣ ਲਈ ਕਿਹਾ ਗਿਆ । ਉਨ੍ਹਾਂ ਕਿਹਾ ਕਿ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਇੱਕ 133 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕੀਤੀ ਜਾਵੇਗੀ।