ਲੁਧਿਆਣਾ: ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਲੁਧਿਆਣਾ ਦੇ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਹੋਇਆ ਕੇਂਦਰ ਦੀ ਭਾਜਪਾ ਸਰਕਾਰ ਦੇ ਅੱਠ ਸਾਲ ਦੇ ਕਾਰਜਕਾਲ ਸਬੰਧੀ ਉਪਲੱਬਧੀਆਂ ਗਿਣਵਾਈਆਂ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਜਪਾ ਨੇ ਅੱਠ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਵਾਸੀਆਂ ਲਈ ਸਿੱਖ ਕੌਮ ਲਈ ਕਿਸਾਨਾਂ ਲਈ ਅਤੇ ਪੰਜਾਬੀਆਂ ਲਈ ਜੋ ਕੰਮ ਕੀਤੇ ਹਨ ਉਹ ਹੁਣ ਤੱਕ ਕਿਸੇ ਸਰਕਾਰ ਨੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੂਰੇ ਦੇਸ਼ ਦਾ ਸਰਵਪੱਖੀ ਵਿਕਾਸ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ’ਤੇ ਸਵਾਲ ਖੜ੍ਹੇ ਕੀਤੇ ਹਨ ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤਜਰਬਾ ਹੀ ਨਹੀਂ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਉਨ੍ਹਾਂ ਕਿਹਾ ਦਿਨ ਦਿਹਾੜੇ ਕਤਲ ਹੋ ਰਹੇ ਨੇ ਵੱਡੇ ਵੱਡੇ ਲੋਕ ਵੀ ਇਸ ਸਰਕਾਰ ਦੇ ਵਿੱਚ ਸੁਰੱਖਿਅਤ ਨਹੀਂ ਹੈ। ਅਸ਼ਵਨੀ ਸਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਗੁੰਡਾਗਰਦੀ ’ਤੇ ਉਤਰ ਆਏ ਹਨ।
ਅੰਮ੍ਰਿਤਸਰ ਦੇ ਵਿੱਚ ਉਨ੍ਹਾਂ ਕਿਹਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਸ਼ਰ੍ਹੇਆਮ ਗੋਲੀਆਂ ਚਲਾਈਆਂ ਹਨ ਜਿਸ ਤੋਂ ਜ਼ਾਹਿਰ ਹੈ ਕਿ ਉਨ੍ਹਾਂ ਨੂੰ ਕਿਸੇ ਦਾ ਡਰ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਜਿਵੇਂ ਗਲ ਵਿੱਚ ਢੋਲ ਪਾ ਕੇ ਆਪਣੀ ਹਰ ਉਪਲੱਬਧੀਆਂ ਗਿਣਾਉਣ ਲਈ ਵਾਹਵਾ ਕਰਵਾਉਣ ਲਈ ਇਹ ਸਭ ਕਰ ਰਹੀ ਹੈ ਜੋ ਉਸਨੂੰ ਉਲਟਾ ਪੈ ਰਿਹਾ ਹੈ।
ਉਥੇ ਹੀ ਭਾਰਤ ਭੂਸ਼ਣ ਆਸ਼ੂ ’ਤੇ ਖੜ੍ਹੇ ਹੋ ਰਹੇ ਸਵਾਲਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਭਾਜਪਾ ਦਾ ਸਟੈਂਡ ਕਲੀਅਰ ਹੈ। ਉਨ੍ਹਾਂ ਕਿਹਾ ਪਰ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਆਪਣੀ ਕਹਾਵਤ ਨਾਲ ਗੱਲ ਖਤਮ ਕਰਦਿਆਂ ਕਿਹਾ ਕਿ ਜਿਸ ਨੇ ਗਾਜਰਾਂ ਖਾਧੀਆਂ ਨੇ ਉਸ ਦੇ ਢਿੱਡ ਪੀੜ ਹੋਵੇਗੀ।
ਇਹ ਵੀ ਪੜ੍ਹੋ: ਰੰਜ਼ਿਸ਼ ਦੇ ਚੱਲਦੇ 2 ਭਰਾਵਾਂ ਦੀ ਕੀਤੀ ਵੱਢ-ਟੁੱਕ, ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ