ਲੁਧਿਆਣਾ: ਜ਼ਿਲ੍ਹਾ ਲੁਧਿਆਣਾ 'ਚ ਨਿੱਜੀ ਸਕੂਲਾਂ ਵੱਲੋਂ ਲਗਾਤਾਰ ਮਾਪਿਆਂ ਤੋਂ ਫੀਸਾਂ ਵਸੂਲਣ ਦੇ ਮਾਮਲੇ ਨੂੰ ਲੈ ਕੇ ਪੇਰੈਂਟਸ ਐਸੋਸੀਏਸ਼ਨ ਦੇ ਨਾਲ ਮਿਲ ਕੇ ਮਾਪਿਆਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਪੁਤਲਾ ਫੂਕਿਆ। ਪੇਰੈਂਟਸ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਲੌਕਡਾਊਨ ਕਾਰਨ ਸਕੂਲ ਹਾਲੇ ਖੁੱਲ੍ਹੇ ਨਹੀਂ ਤਾਂ ਸਕੂਲ ਉਨ੍ਹਾਂ ਤੋਂ ਕਿਸ ਗ਼ੱਲ ਦੀ ਫੀਸ ਵਸੂਲ ਰਿਹਾ ਹੈ।
ਇਸ ਦੌਰਾਨ ਪੈਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਘਈ ਨੇ ਕਿਹਾ ਕਿ ਪਹਿਲਾਂ ਵਿਜੇ ਇੰਦਰ ਸਿੰਗਲਾ ਨੇ ਸਕੂਲਾਂ ਤੋਂ ਲੌਕਡਾਊਨ ਦੌਰਾਨ ਫੀਸਾਂ ਨਾ ਵਸੂਲੇ ਜਾਣ ਲਈ ਕਿਹਾ ਸੀ ਪਰ ਸਿੱਖਿਆ ਮੰਤਰੀ ਕਥਿਤ ਤੌਰ 'ਤੇ ਆਪਣੇ ਬਿਆਨ ਤੋਂ ਹੀ ਪਲਟ ਗਏ ਹਨ, ਜਿਸ ਤੋਂ ਜ਼ਾਹਿਰ ਹੈ ਕਿ ਉਹ ਨਿੱਜੀ ਸਕੂਲਾਂ ਦੇ ਨਾਲ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹੁਣ ਨਿੱਜੀ ਸਕੂਲਾਂ ਦਾ ਪੱਖ ਲੈ ਰਹੇ ਹਨ ਤੇ ਟਿਊਸ਼ਨ ਫ਼ੀਸ ਦੇ ਨਾਂਅ 'ਤੇ ਮਾਪਿਆਂ ਤੋਂ ਨਿੱਜੀ ਸਕੂਲ ਫੀਸ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਸੁਣਨੀਆਂ ਚਾਹੀਦੀਆਂ ਹਨ।