ਲੁਧਿਆਣਾ: ਸ਼ਹਿਰ ਵਿੱਚ ਵੱਡੀ ਤਦਾਦ 'ਚ ਪ੍ਰਵਾਸੀ ਮਜਦੂਰ ਰਹਿੰਦੇ ਹਨ, ਜਿਹੜੇ ਦੀਵਾਲੀ ਦੇ ਸੀਜ਼ਨ ਵਿੱਚ ਹਮੇਸ਼ਾ ਛੱਠ ਪੂਜਾ ਲਈ ਬਿਹਾਰ ਜਾਂਦੇ ਹਨ। ਇਸਦੇ ਨਾਲ ਹੀ ਬਿਹਾਰ ਵਿੱਚ ਚੋਣਾਂ ਵੀ ਹੋ ਰਹੀਆਂ ਹਨ, ਪਰ ਰੇਲ ਗੱਡੀਆਂ ਬੰਦ ਹੋਣ ਕਾਰਨ ਪਰਵਾਸੀ ਮਜ਼ਦੂਰ ਵਾਪਸੀ ਲਈ ਖੱਜਲ ਹੋ ਰਹੇ ਹਨ। ਮਜਬੂਰੀਵੱਸ ਇਨ੍ਹਾਂ ਪਰਵਾਸੀ ਮਜ਼ਦੂਰਾਂ ਮਹਿੰਗੇ ਕਿਰਾਏ ਦੇ ਕੇ ਬੱਸਾਂ ਵਿੱਚ ਜਾਣਾ ਪੈ ਰਿਹਾ ਹੈ। ਘਰ ਜਾ ਰਹੀ ਕੁੱਝ ਪਰਵਾਸੀ ਮਜ਼ਦੂਰਾਂ ਨਾਲ ਈਟੀਵੀ ਭਾਰਤ ਵੱਲੋਂ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਘਰ ਜਾਣ ਵਿੱਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਰੇਲਾਂ ਨਾ ਚੱਲਣ ਕਾਰਨ ਟਿਕਟਾਂ ਰੱਦ ਹੋ ਗਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਘਰ ਵਾਪਸੀ ਲਈ ਮਹਿੰਗੀ ਟਿਕਟਾਂ ਲੈ ਕੇ ਬੱਸਾਂ ਰਾਹੀਂ ਬਿਹਾਰ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ 500 ਰੁਪਏ ਵਿੱਚ ਉਹ ਰੇਲ ਵਿੱਚ ਬਿਹਾਰ ਤੱਕ ਦਾ ਅਰਾਮ ਨਾਲ ਸਫ਼ਰ ਕਰ ਲੈਂਦੇ ਸਨ, ਉਥੇ ਹੁਣ ਬੱਸਾਂ ਰਾਹੀਂ 2000 ਰੁਪਏ ਤੋਂ ਘੱਟ ਕਿਰਾਇਆ ਨਹੀਂ ਲੱਗ ਰਿਹਾ, ਜਦਕਿ ਖਾਣ-ਪੀਣ ਦਾ ਵੱਖਰਾ ਉਨ੍ਹਾਂ ਨੂੰ ਸਹਿਣ ਕਰਨਾ ਪੈ ਰਿਹਾ ਹੈ।
ਪਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇਥੇ ਰਹਿ ਰਹੇ ਹਨ ਪਰ ਪਹਿਲਾਂ ਕਦੇ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਨਹੀਂ ਪਿਆ। ਉਨ੍ਹਾਂ ਕਿਹਾ ਕਿ ਹੁਣ ਤਾਂ ਲੌਕਡਾਊਨ ਹਟ ਗਿਆ ਹੈ ਫਿਰ ਕਿਉਂ ਸਰਕਾਰ ਰੇਲਾਂ ਨਾ ਚਲਾ ਕੇ ਗ਼ਰੀਬ ਮਜਦੂਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ?
ਪ੍ਰੇਸ਼ਾਨ ਮਜ਼ਦੂਰਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਏਨੀ ਪ੍ਰੇਸ਼ਾਨੀ ਹੋਈ ਹੈ ਕਿ ਉਹ ਹੁਣ ਅਗਲੀ ਵਾਰ ਨਹੀਂ ਆਉਣਗੇ।
ਉਧਰ, ਮੌਕੇ 'ਤੇ ਇੱਕ ਬੱਸ ਅਪ੍ਰੇਟਰ ਦਾ ਕਹਿਣਾ ਸੀ ਕਿ ਲੌਕਡਾਊਨ ਤੋਂ ਪਹਿਲਾਂ ਕੁੱਝ ਕੁ ਬੱਸਾਂ ਚਲਦੀਆਂ ਸਨ ਪਰ ਹੁਣ ਰੇਲ ਗੱਡੀਆਂ ਨਾ ਚੱਲਣ ਕਾਰਨ ਬੱਸਾਂ ਦੀ ਤਦਾਦ ਵਧ ਗਈ ਹੈ। ਮਜ਼ਦੂਰਾਂ ਵੱਲੋਂ ਬੁਕਿੰਗ ਬਾਰੇ ਉਨ੍ਹਾਂ ਕਿਹਾ ਕਿ ਬੁਕਿੰਗ ਤਾਂ ਕੁੱਝ ਪਾਰਟੀਆਂ ਨੇ ਚੋਣਾਂ ਨੂੰ ਲੈ ਕੇ ਕਰਵਾਈ ਹੈ, ਜੋ ਪ੍ਰਬੰਧਕ ਆਪਣੇ ਤੌਰ 'ਤੇ ਲੈ ਕੇ ਜਾਣ ਰਹੇ ਹਨ। ਉਨ੍ਹਾਂ ਮੰਨਿਆ ਕਿ ਪਰਵਾਸੀ ਮਜਦੂਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਹੈ।