ਲੁਧਿਆਣਾ: ਸਥਾਨਕ ਪੁਲਿਸ ਦੇ 35 ਮੁਲਾਜ਼ਮ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ ਅਤੇ ਹੁਣ ਬਾਕੀ ਮਰੀਜ਼ਾਂ ਦੀ ਜਾਨ ਬਚਾਉਣ ਲਈ ਆਪਣਾ ਪਲਾਜ਼ਮਾ ਡੋਨੇਟ ਕਰਨਗੇ। ਇਸ ਵਿੱਚ ਪੁਲਿਸ ਦੇ ਕਾਂਸਟੇਬਲ ਤੋਂ ਲੈ ਕੇ ਡੀ.ਸੀ.ਪੀ. ਤੱਕ ਦੇ ਅਫ਼ਸਰ ਸ਼ਾਮਲ ਹਨ।
ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਆਪਣੇ ਬੁਲੰਦ ਹੌਸਲਿਆਂ ਕਾਰਨ ਕੋਰੋਨਾ 'ਤੇ ਫਤਿਹ ਹਾਸਲ ਕੀਤੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ 35 ਪੁਲਿਸ ਮੁਲਾਜ਼ਮਾਂ ਨੇ ਖੁਦ ਆਪਣੇ ਆਪ ਨੂੰ ਪਲਾਜ਼ਮਾ ਦੇਣ ਲਈ ਨਾਮਜ਼ਦ ਕੀਤਾ ਹੈ। ਲੁਧਿਆਣਾ ਦੇ ਡੀ.ਸੀ.ਪੀ. ਅਸ਼ਵਨੀ ਕੁਮਾਰ ਵੀ ਬੀਤੇ ਦਿਨੀ ਕੋਰੋਨਾ ਸੰਕਰਮਿਤ ਪਾਏ ਗਏ ਸਨ ਅਤੇ ਹੁਣ ਠੀਕ ਹੋਣ ਤੋਂ ਬਾਅਦ ਉਹ ਵੀ ਆਪਣਾ ਪਲਾਜ਼ਮਾ ਦਾਨ ਕਰਨਗੇ।
ਉਨ੍ਹਾਂ ਕਿਹਾ ਕਿ ਠੀਕ ਹੋਣ ਤੋਂ ਇੱਕ ਮਹੀਨੇ ਤੱਕ ਦੇ ਸਮੇਂ ਤੋਂ ਬਾਅਦ ਉਹ ਆਪਣਾ ਪਲਾਜ਼ਮਾ ਦਾਨ ਕਰ ਸਕਦੇ ਹਨ। ਅਸ਼ਵਨੀ ਕਪੂਰ ਨੇ ਕਿਹਾ ਕਿ ਜੇਕਰ ਉਹ ਕਿਸੇ ਦੇ ਕੰਮ ਆ ਸਕਣ ਤਾਂ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ। ਪੁਲਿਸ ਸਾਂਝ ਕੇਂਦਰ ਦੇ ਕਨਸਲਟੇਂਟ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਵੀ ਕਰੋਨਾ ਨੂੰ ਹਰਾ ਕੇ ਆਏ ਹਨ ਅਤੇ ਹੁਣ ਉਹ ਵੀ ਆਪਣਾ ਪਲਾਜ਼ਮਾ ਦਾਨ ਕਰਨਗੇ।
ਜਿੱਥੇ ਇੱਕ ਪਾਸੇ ਪੁਲਿਸ ਮੁਲਾਜ਼ਮ ਫਰੰਟਲਾਈਨ 'ਤੇ ਆ ਕੇ ਕੰਮ ਕਰ ਰਹੇ ਹਨ ਉੱਥੇ ਹੀ ਹੁਣ ਉਹ ਨਾ ਸਿਰਫ ਮਹਾਂਮਾਰੀ ਨੂੰ ਮਾਤ ਦੇ ਰਹੇ ਹਨ ਬਲਕਿ ਕੋਰੋਨਾ ਨਾਲ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਮਰੀਜ਼ਾਂ ਲਈ ਵੀ ਫ਼ਰਿਸ਼ਤਾ ਬਣ ਰਹੇ ਹਨ।