ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਸਹਾਰਨ ਮਾਜਰਾ ਦੇ ਹਰਜੀਤ ਸਿੰਘ ਦੇ ਫ਼ਰਜ਼ੀ ਐਂਨਕਾਊਂਟਰ ਵਿੱਚ ਕਤਲ ਦੇ ਦੋਸ਼ੀ 4 ਪੁਲਿਸ ਕਰਮਚਾਰੀਆਂ ਦੀ ਸਜ਼ਾ ਪੰਜਾਬ ਦੇ ਰਾਜਪਾਲ ਬੀ.ਪੀ. ਸਿੰਘ ਬਦਨੌਰ ਨੇ ਮਾਫ਼ ਕਰ ਦਿੱਤੀ ਹੈ। ਇਸ ਦੀ ਸਿਫਾਰਿਸ਼ ਪੰਜਾਬ ਦੇ ਡੀਜੀਪੀ ਅਤੇ ਏਡੀਜੀਪੀ ਜੇਲ੍ਹ ਵਲੋਂ ਕੀਤੀ ਗਈ ਸੀ।
ਇਨ੍ਹਾਂ ਚਾਰਾਂ ਨੂੰ ਦਸੰਬਰ 2014 ਵਿੱਚ ਸਪੈਸ਼ਲ ਜਜ ਸੀਬੀਆਈ ਕਮ ਐਡਿਸ਼ਨਲ ਸੈਸ਼ਨ ਜਜ ਪਟਿਆਲਾ ਵਲੋਂ ਉਮਰ ਕੈਦ ਅਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਚਾਰ ਦੋਸ਼ੀਆਂ ਨੇ ਇਸ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਉੱਤੇ ਫੈਸਲਾ ਲੰਬਿਤ ਹੈ। ਇਨ੍ਹਾਂ ਕੈਦੀਆਂ ਨੇ 3 ਜਨਵਰੀ , 2017 ਤੱਕ 2 ਸਾਲ, 1 ਮਹੀਨਾ ਤੇ 3 ਦਿਨ ਦੀ ਅਸਲ ਸਜ਼ਾ ਕੱਟ ਲਈ।
ਇਸ ਉੱਤੇ ਡੀਜੀਪੀ ਅਤੇ ਏਡੀਜੀਪੀ ਦੀ ਸਿਫਾਰਿਸ਼ ਅਤੇ ਉਨ੍ਹਾਂ ਵਲੋਂ ਪੇਸ਼ ਤੱਥਾਂ ਦੇ ਆਧਾਰ ਉੱਤੇ ਰਾਜਪਾਲ ਬਦਨੌਰ ਨੇ ਸੰਵਿਧਾਨ ਵਿਚ ਦਿੱਤੇ ਅਧਿਕਾਰ ਦੀ ਵਰਤੋ ਕਰਦੇ ਹੋਏ ਉਨ੍ਹਾਂ ਦੇ ਮਾਮਲੇ ਉੱਤੇ ਹਮਦਰਦੀ ਨਾਲ ਵਿਚਾਰ ਕਰਨ ਤੋਂ ਬਾਅਦ ਸਜ਼ਾ ਮਾਫ਼ ਕਰ ਦਿੱਤੀ।
ਇਹ ਹੈ ਮਾਮਲਾ
ਹਰਜੀਤ ਸਿੰਘ ਨੂੰ 6 ਅਕਤੂਬਰ 1993 ਵਿੱਚ ਉਸ ਦੇ ਪਿੰਡ ਸਹਾਰਨ ਮਾਜਰਾ ਤੋਂ ਪੰਜਾਬ ਪੁਲਿਸ ਦੇ ਤਤਕਾਲੀਨ ਐ.ਐਸ.ਆਈ ਹਰਿੰਦਰ ਸਿੰਘ ਵਾਸੀ ਪਿੰਡ ਮੱਛੀ ਜੋਆ ਜ਼ਿਲ੍ਹਾ ਕਪੂਰਥਲਾ ਨੇ ਅਗਵਾ ਕੀਤਾ ਅਤੇ ਯੂਪੀ ਪੁਲਿਸ ਦੇ ਐਸ.ਪੀ ਰੈਂਕ ਦੇ ਅਧਿਕਾਰੀ ਰਵਿੰਦਰ ਕੁਮਾਰ ਸਿੰਘ ਵਾਸੀ ਪਿੰਡ ਪਪਨਾ ਜ਼ਿਲ੍ਹਾ ਲਖਨਊ, ਇੰਸਪੈਕਟਰ ਬ੍ਰਜਲਾਲ ਵਰਮਾ ਵਾਸੀ ਪਿੰਡ ਸੋਹਾਜਨਾ, ਜ਼ਿਲ੍ਹਾ ਮਹੋਬਾ ਅਤੇ ਕਾਂਸਟੇਬਲ ਓਂਕਾਰ ਸਿੰਘ ਵਾਸੀ ਪਿੰਡ ਫਤੇਹਪੁਰ ਜ਼ਿਲ੍ਹਾ ਲਖਨਊ ਨਾਲ ਮਿਲ ਕੇ 12 ਅਕਤੂਬਰ 1993 ਨੂੰ ਫਰਜ਼ੀ ਐਨਕਾਊਂਟਰ ਦਿਖਾ ਕੇ ਮਾਰ ਦਿੱਤਾ ਸੀ।
ਇਸ ਆਧਾਰ ਉੱਤੇ ਹਰਿੰਦਰ ਸਿੰਘ ਨੂੰ ਪ੍ਰਮੋਟ ਕਰ ਕੇ ਏ.ਐਸ.ਆਈ ਬਣਾ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੰਜਾਬ - ਹਰਿਆਣਾ ਹਾਈਕੋਰਟ ਨੇ 1996 ਵਿੱਚ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਸਨ। ਸੀਬੀਆਈ ਕੋਰਟ ਨੇ ਹਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਹਰਿੰਦਰ ਸਿੰਘ, ਬ੍ਰਜਲਾਲ ਵਰਮਾ, ਰਵਿੰਦਰ ਅਤੇ ਓਂਕਾਰ ਨੂੰ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ 1 ਦਿਸੰਬਰ 2014 ਨੂੰ ਚਾਰਾਂ ਪੁਲਿਸਕਰਮਚਾਰੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ।