ਲੁਧਿਆਣਾ: ਅੱਜ ਯਾਨੀ 8 ਮਾਰਚ ਨੂੰ ਵਿਸ਼ਵ ਭਰ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹੋਲੀ ਮਨਾਉਣ ਦੇ ਤਰੀਕੇ ਅਤੇ ਤਕਨੀਕ ਦਿਨ ਪ੍ਰਤੀ ਦਿਨ ਬਦਲਦੀ ਜਾ ਰਹੀ ਹੈ, ਪਰ ਪੁਰਾਤਨ ਸਮੇਂ ਤੋਂ ਨਾ ਸਿਰਫ ਹਿੰਦੂ ਧਰਮ, ਸਗੋਂ ਸਿੱਖ ਧਰਮ ਵਿਚ ਵੀ ਹੌਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੁਰਾਣੀਆਂ ਕਥਾਵਾਂ ਦੇ ਮੁਤਾਬਕ ਉਸ ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਿਨ ਕੀਤਾ ਜਾਂਦਾ ਹੈ।
ਮਸ਼ਹੂਰ ਹੈ ਵਰਿੰਦਾਵਨ ਦੀ ਹੋਲੀ: ਅਜੋਕੇ ਸਮੇਂ ਵਿੱਚ ਹੋਲੀ ਦੇ ਤਿਉਹਾਰ ਮੌਕੇ ਇੱਕ ਦੂਜੇ ਨੂੰ ਰੰਗ ਲਗਾ ਕੇ ਅਤੇ ਫੁੱਲਾਂ ਦੇ ਨਾਲ ਹੋਲੀ ਖੇਡੀ ਜਾਂਦੀ ਹੈ। ਵਰਿੰਦਾਵਨ ਅਤੇ ਬ੍ਰਿਜ ਦੀ ਹੋਲੀ ਵਿਸ਼ਵ ਭਰ ਵਿੱਚ ਮਸ਼ਹੂਰ ਹੈ ਅਤੇ ਦੂਰ-ਦੁਰਾਡੇ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਇਨ੍ਹਾਂ ਸ਼ਹਿਰਾਂ ਦੇ ਵਿੱਚ ਹੋਲੀ ਖੇਡਦੇ ਹਨ।
ਹਿੰਦੂ ਧਰਮ ਵਿੱਚ ਇਤਿਹਾਸ: ਹੋਲਿਕਾ ਦਹਿਨ ਦੇ ਰੂਪ ਵਿੱਚ ਹੋਲੀ ਦਾ ਤਿਉਹਾਰ ਸ਼ੁਰੂ ਤੋਂ ਹੀ ਸੁਣਾਇਆ ਜਾਂਦਾ ਰਿਹਾ ਹੈ। ਪ੍ਰਹਿਲਾਦ ਭਗਤ ਨੇ ਆਪਣੇ ਪਿਤਾ ਜੋ ਕਿ ਰਾਕਸ਼ਸ਼ ਜਾਤੀ ਨਾਲ ਸਬੰਧਤ ਸੀ, ਹਿਰਨਾਕਸ਼ਅਪ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਹਿਲਾਦ ਭਗਤ ਅਕਸਰ ਹੀ ਵਿਸ਼ਨੂੰ ਭਗਵਾਨ ਦਾ ਨਾਮ ਜਪਦਾ ਰਹਿੰਦਾ ਸੀ। ਜਿਸ ਕਾਰਨ ਹਿਰਨਾਕਸ਼ਪ ਨੇ ਆਪਣੇ ਬੱਚੇ ਨੂੰ ਮਾਰਨ ਲਈ ਆਪਣੀ ਭੈਣ ਹੋਲਿਕਾ ਦੀ ਮਦਦ ਲੈਣ ਦਾ ਫੈਸਲਾ ਲਿਆ ਸੀ ਅਤੇ ਹੋਲਿਕਾ ਨੂੰ ਵਰਦਾਨ ਪ੍ਰਾਪਤ ਸੀ ਕਿ ਉਸ ਨੂੰ ਅੱਗ ਨਹੀਂ ਲੱਗ ਸਕਦੀ, ਪਰ ਜਦੋਂ ਉਹ ਪ੍ਰਹਿਲਾਦ ਭਗਤ ਨੂੰ ਗੋਦੀ ਵਿਚ ਲੈ ਕੇ ਅੱਗ ਵਿੱਚ ਬੈਠ ਗਈ, ਤਾਂ ਪ੍ਰਹਿਲਾਦ ਭਗਤ ਨੂੰ ਕੁਝ ਵੀ ਨਹੀਂ ਹੋਇਆ, ਪਰ ਹਿਰਨਾਕਸ਼ਪ ਦੀ ਭੈਣ ਹੋਲਿਕਾ ਜਿਉਂਦੀ ਜਲ ਗਈ ਜਿਸ ਕਰਕੇ ਹੋਲਿਕਾ ਦਹਿਨ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਸਿੱਖ ਧਰਮ ਤੇ ਇਤਿਹਾਸ: 'ਔਰਨ ਕੀ ਹੋਲੀ ਮਮ ਹੋਲਾ'- ਗੁਰੂ ਗੋਬਿੰਦ ਸਿੰਘ ਜੀ ਵਲੋਂ ਹੋਲੀ ਦੇ ਤਿਉਹਾਰ ਨੂੰ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਸੀ, ਪਰ ਉਸ ਨੂੰ ਹੋਲੇ-ਮਹੱਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦੇ ਤਹਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਹੋਲੀ ਤੇ ਇਕ ਦਿਨ ਪਹਿਲਾਂ ਹੀ ਹੋਲੇ ਮਹੱਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਕੇ ਗੁਰਦੁਆਰਾ ਸਾਹਿਬਾਨਾਂ ਵਿੱਚ ਕੀਰਤਨ ਅਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕਰਵਾਇਆ ਜਾਂਦਾ ਹੈ। ਪੁਰਾਤਨ ਨਗਾਰੇ ਵਜਾ ਕੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਵੱਲੋਂ ਹੋਲੇ ਮਹੱਲੇ ਦਾ ਤਿਉਹਾਰ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਰੰਗਾਂ ਦੇ ਨਾਲ ਆਪਣੇ ਅਲੌਕਿਕ ਕਰਤਬ ਦਿਖਾਏ ਜਾਂਦੇ ਨੇ ਅਤੇ ਹੋਲੇ ਮਹੱਲੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਲੀ: ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਵੱਖ-ਵੱਖ ਢੰਗ ਦੇ ਨਾਲ ਮਨਾਇਆ ਜਾਂਦਾ ਹੈ, ਜੇਕਰ ਗੱਲ ਰਾਜਸਥਾਨ ਦੇ ਉਦੈਪੁਰ ਦੀ ਕੀਤੀ ਜਾਵੇ, ਤਾਂ ਇੱਥੇ ਦੋ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਮੇਵਾੜ ਹੋਲਿਕਾ ਦਹਿਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਮੇਵਾੜ ਦੇ ਰਾਜਾਂ ਵੱਲੋਂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਪਰੰਪਰਾ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਹੈ। ਇਸ ਮੌਕੇ ਸਥਾਨਕ ਲੋਕਾਂ ਵੱਲੋਂ ਲੋਕ ਨਾਚ ਕਰਵਾਈ ਜਾਂਦੇ ਹਨ।
ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿੱਚ ਹੋਲੀ ਨੂੰ ਬਸੰਤ ਉਤਸਵ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਹੋਲੀ ਵਾਲੇ ਦਿਨ ਹੀ ਇਸ ਨੂੰ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਨੋਬਲ ਪੁਰਸਕਾਰ ਵਿਜੇਤਾ ਰਬਿੰਦਰ ਨਾਥ ਟੈਗੋਰ ਵੱਲੋ ਵਿਸ਼ਵਭਾਰਤੀ ਸ਼ਾਂਤੀ ਨਿਕੇਤਨ ਤੋਂ ਸ਼ੁਰੂ ਕੀਤੀ ਗਈ ਸੀ। ਇਸ ਤੋਂ ਇਲਾਵਾ ਰੰਗ ਪੰਚਮੀ ਹੋਲੀ ਨੂੰ ਪੰਜ ਦਿਨ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਦੇ ਸਥਾਨਕ ਲੋਕ ਹੋਲੀ ਨੂੰ ਸ਼ਿਮਗੋ ਦੇ ਨਾਮ ਤੋਂ ਮਨਾਉਂਦੇ ਹਨ।
ਭਾਰਤ ਵਿੱਚ ਸਭ ਤੋਂ ਜਿਆਦਾ ਮਸ਼ਹੂਰ ਹੈ ਉੱਤਰ ਪ੍ਰਦੇਸ਼ ਦੇ ਮਥੁਰਾ ਵਰਿੰਦਾਵਨ ਦੀ ਹੋਲੀ। ਇਸ ਵਿਚ ਲਾਠੀਆਂ ਮਾਰਨ ਦੀ ਪਰੰਪਰਾ ਵੀ ਸ਼ਾਮਿਲ ਹੈ ਜਿਸ ਵਿਚ ਮਹਿਲਾਵਾਂ ਮਰਦਾਂ ਨੂੰ ਲਾਠੀਆਂ ਦੇ ਨਾਲ ਮਾਰਦੀਆਂ ਹਨ। ਇਹ ਹੋਲੀ ਇੱਕ ਹਫ਼ਤੇ ਤੱਕ ਮਨਾਈ ਜਾਂਦੀ ਹੈ।
ਇਸ ਤੋ ਇਲਾਵਾ ਉਤਰਾਖੰਡ ਵਿੱਚ ਹੋਲੀ ਕੁਨਾਵ ਇਲਾਕੇ ਦੇ ਅੰਦਰ ਪਰੰਪਰਿਕ ਪੁਸ਼ਾਕ ਪਾਕੇ ਮਨਾਈ ਜਾਂਦੀ ਹੈ। ਇਸ ਤੋਂ ਇਲਾਵਾ ਕੇਰਲ ਵਿੱਚ ਮੰਜ਼ਲ ਕੁਲੀ ਦੇ ਨਾਂ ਉੱਤੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਥਾਂ ਤੇ ਹੋਲੀ ਰੰਗਾਂ ਦੇ ਨਾਲ ਨਹੀਂ ਮਨਾਈ ਜਾਂਦੀ, ਸਗੋਂ ਸੱਭਿਆਚਾਰਕ ਤੌਰ 'ਤੇ ਕੋਨਕਣੀ ਸਮਾਜ ਵੱਲੋਂ ਹੋਲਿਕਾ ਦਹਿਨ ਕਰਕੇ ਹੋਲੀ ਮਨਾਈ ਜਾਂਦੀ ਹੈ।
ਮਾਡਰਨ ਹੋਲੀ: ਹੋਲੀ ਦਾ ਤਿਉਹਾਰ ਹੁਣ ਮਾਡਰਨ ਹੁੰਦਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਹੋਲੀ ਦਾ ਤਿਉਹਾਰ ਰੰਗਾਂ ਦੇ ਨਾਲ ਮਨਾਇਆ ਜਾ ਰਿਹਾ ਹੈ। ਪਰ, ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ, ਤਾਂ ਇੱਥੇ ਹੋਲੀ ਖੇਡਣ ਦਾ ਰਿਵਾਜ਼ ਨਹੀਂ ਹੈ, ਪਰ ਹਿੰਦੂ ਭਾਈਚਾਰਾ ਅਤੇ ਸਿੱਖ ਭਾਈਚਾਰਾ ਆਪਸੀ ਸਾਂਝ ਦੇ ਨਾਲ ਇਕ ਦੂਜੇ ਉੱਤੇ ਰੰਗ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਹੋਲੀ ਦਾ ਤਿਉਹਾਰ ਮਨਾਉਂਦੇ ਹਨ।
ਹੋਲੀ ਮੌਕੇ ਵਿਸ਼ੇਸ਼ ਤੌਰ 'ਤੇ ਕ੍ਰਿਸ਼ਨ ਭਗਵਾਨ ਜੀ ਦੇ ਮੰਦਰਾਂ ਦੇ ਵਿੱਚ ਵੱਡਾ ਇਕੱਠ ਵੇਖਣ ਨੂੰ ਮਿਲਦਾ ਹੈ ਅਤੇ ਧਾਰਮਿਕ ਭਜਨ ਗਾਇਨ ਕੀਤਾ ਜਾਂਦਾ ਹੈ, ਭੰਡਾਰੇ ਲਗਾਏ ਜਾਂਦੇ ਹਨ। ਲੋਕ ਸਵੇਰ ਤੋਂ ਹੀ ਮੰਦਰਾਂ ਵਿੱਚ ਨਤਮਸਤਕ ਹੁੰਦੇ ਹਨ। ਇਸ ਤੋਂ ਇਲਾਵਾ ਮੰਦਰਾਂ ਵਿੱਚ ਫੁੱਲਾਂ ਦੀ ਹੋਲੀ ਖੇਡੀ ਜਾਂਦੀ ਹੈ। ਭਗਵਾਨ ਸ੍ਰੀ ਕ੍ਰਿਸ਼ਨ ਨੂੰ ਸਜਾਇਆ ਜਾਂਦਾ ਹੈ। ਲੁਧਿਆਣਾ ਦੇ ਸ਼੍ਰੀ ਕ੍ਰਿਸ਼ਨ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕ ਪੰਜਾਬ ਵਿੱਚ ਹੋਲੀ ਦਾ ਤਿਉਹਾਰ ਮਨਾਉਂਦੇ ਹਨ। ਉੱਥੇ ਨਾਲ ਹੀ, ਪੂਜਾ ਸਮੱਗਰੀ ਵੇਚਣ ਵਾਲੇ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਮਾਡਰਨ ਢੰਗ ਨਾਲ ਹੋਲੀ ਮਨਾਈ ਜਾ ਰਹੀ ਹੈ।
ਇਹ ਵੀ ਪੜ੍ਹੋ: Holla Mohalla 2023 : ਜਾਣੋ, ਕਿਉਂ ਮਨਾਇਆ ਜਾਂਦਾ ਹੋਲਾ ਮਹੱਲਾ ਅਤੇ ਇਤਿਹਾਸ