ਤਰਨ ਤਾਰਨ: ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਪੰਥਕ ਇਕੱਠ ਹੋਇਆ ਜਿਸ ਵਿੱਚ ਨੌਜਵਾਨਾਂ ਦੀ ਤਰਜਮਾਨੀ ਕਰਦੇ ਹੋਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਹੇਠ ਚੱਲਣ ਵਾਲੀ ਅਕਾਲ ਯੂਥ ਜਥੇਬੰਦੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸੁਪਰੀਮ ਕਮੇਟੀ ਦੇ ਪੰਜ ਸਿੰਘਾਂ ਨੇ ਭਾਈ ਸਤਨਾਮ ਸਿੰਘ ਨੂੰ ਮਾਂਝੇ ਇਲਾਕੇ ਦੇ ਮੁੱਖ ਸੇਵਾਦਾਰ ਵੱਜੋਂ ਨਿਯੁਕਤੀ ਕੀਤੀ ਅਤੇ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।
ਭਾਈ ਬਲਬੀਰ ਸਿੰਘ ਤਰਨਾ ਦੱਲ ਪੰਜ ਸਿੰਘਾਂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਅੱਜ ਖਡੂਰ ਸਾਹਿਬ ਵਿਖੇ ਭਾਈ ਸਤਨਾਮ ਸਿੰਘ ਨੂੰ ਮਾਂਝੇ ਇਲਾਕੇ ਦੀ ਪੰਥਕ ਸੇਵਾਵਾਂ ਲਈ ਨਿਯੁਕਤੀ ਪੱਤਰ ਦੇ ਕੇ ਅਕਾਲ ਯੂਥ ਜਥੇਬੰਦੀ ਦੀ ਗਤੀਵਿਧੀਆਂ ਲਈ ਜਿੰਮੇਵਾਰੀ ਦਿੱਤੀ ਹੈ। ਜੋ ਕਿ ਪਹਿਲਾਂ ਵੀ ਪੰਥਕ ਗਤੀਵਿਧੀਆਂ ਵਿੱਚ ਰੁੱਝੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਜ਼ਰੂਰ ਪੰਜਾਬ ਵਿੱਚ ਕਿਸਾਨਾਂ ਨਾਲ ਖੜੀ ਹੈ ਅਤੇ ਸ਼ੰਭੂ ਮੋਰਚੇ ਵਿੱਚ ਜਾ ਕੇ ਉਨ੍ਹਾਂ ਨੂੰ ਸਮਰਥਨ ਵੀ ਦਿੱਤਾ ਜਾਵੇਗਾ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਨੌਜਵਾਨਾਂ ਤੇ ਯੂਨਿਟ ਸਥਾਪਿਤ ਕੀਤੇ ਜਾਣਗੇ। ਨਸ਼ਿਆਂ ਦੇ ਦਲਦਲ ਵਿੱਚ ਫੱਸੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਡਾ ਕੇ ਪੰਥ ਦੀ ਪਹਿਰੇਦਾਰੀ ਲਈ ਤਿਆਰ ਕੀਤਾ ਜਾਵੇਗਾ।
ਕੇਂਦਰ ਸਰਕਾਰ ਨੇ ਪੰਜਾਬ ਦੇ ਖ਼ਿਲਾਫ਼ ਆਏ ਦਿਨ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਦਾ ਬਾਈਕਾਟ ਕਰਕੇ ਲੋਕ ਲਹਿਰ ਖੜੀ ਕੀਤੀ ਜਾਵੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਬੋਲੀ ਉੱਤੇ ਪਾਬੰਦੀ ਲਾਉਣ ਵਾਲੇ ਸਕੂਲਾਂ ਦੇ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਨੂੰ ਮੰਨਦਿਆਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੁਸ਼ਤੀ ਅਖਾੜੇ ਅਤੇ ਜਿਮ ਵਿੱਚ ਕਸਰਤ ਕਰਨ ਲਈ ਪ੍ਰੇਰਿਆ ਜਾਵੇਗਾ।