ਖੰਨਾ: ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਫ਼ਸਲੀ ਚੱਕਰ ਵਿੱਚੋਂ ਨਿਕਲਣ ਲਈ ਮੱਕੀ ਦੀ ਬੰਪਰ ਖੇਤੀ ਕੀਤੀ। ਇੱਕ ਨਵੀਂ ਆਸ ਤੇ ਉਮੀਦ ਨਾਲ ਮੱਕੀ ਦੀ ਪੈਦਾਵਾਰ ਵਧਾਈ। ਹੁਣ ਕਿਸਾਨ ਮੰਡੀਆਂ ਵਿੱਚ ਫ਼ਸਲ ਲੈ ਕੇ ਆ ਰਹੇ ਹਨ ਤਾਂ ਉਨ੍ਹਾਂ ਨੂੰ ਪੂਰਾ ਭਾਅ ਨਹੀਂ ਮਿਲ ਰਿਹਾ। ਸਰਕਾਰ ਵੱਲੋਂ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 2090 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ, ਪਰ ਕਿਸਾਨਾਂ ਦੀ ਫਸਲ ਦੀ ਬੋਲੀ 900 ਰੁਪਏ ਪ੍ਰਤੀ ਕੁਇੰਟਲ ਤੋਂ ਸ਼ੁਰੂ ਹੁੰਦੀ ਹੈ। ਮੁਸ਼ਕਲ ਨਾਲ ਕਿਸੇ ਢੇਰੀ ਦਾ ਵੱਧ ਤੋਂ ਵੱਧ ਰੇਟ 1700 ਰੁਪਏ ਪ੍ਰਤੀ ਕੁਇੰਟਲ ਲੱਗ ਰਿਹਾ ਹੈ।
ਖੰਨਾ ਦੀ ਅਨਾਜ ਮੰਡੀ: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਗੱਲ ਕਰੀਏ ਤਾਂ ਇੱਥੇ ਕਿਸਾਨਾਂ ਨੂੰ ਆਪਣੀ ਫ਼ਸਲ ਰੱਖਣ ਲਈ ਥਾਂ ਨਹੀਂ ਮਿਲ ਰਹੀ। ਫ਼ਸਲ ਦੀ ਬੋਲੀ ਲਈ ਕਈ-ਕਈ ਦਿਨ ਉਡੀਕ ਕਰਨੀ ਪੈ ਰਹੀ ਹੈ। ਵਪਾਰੀ ਆਪਣੀ ਮਰਜ਼ੀ ਅਨੁਸਾਰ ਰੇਟ ਲਾਉਂਦੇ ਹਨ। ਪਿੰਡ ਸੇਹ ਤੋਂ ਫਸਲ ਲੈ ਕੇ ਆਏ 76 ਸਾਲਾ ਬਜ਼ੁਰਗ ਨਰਾਤਾ ਸਿੰਘ ਨੇ ਦੱਸਿਆ ਕਿ ਮੱਕੀ ਦੀ ਫਸਲ ਦੀ ਹਾਲਤ ਬਹੁਤ ਖਰਾਬ ਹੈ। ਖਰਚੇ ਵੀ ਪੂਰੇ ਨਹੀਂ ਹੋ ਰਹੇ। ਇੱਕ ਏਕੜ ਮੱਕੀ ਦੀ ਕਾਸ਼ਤ 'ਤੇ ਕਰੀਬ 30 ਹਜ਼ਾਰ ਰੁਪਏ ਖਰਚ ਆਇਆ। ਇਸ ਵਾਰ ਕਿਸਾਨਾਂ ਨੇ ਇੰਨੀ ਫ਼ਸਲ ਪੈਦਾ ਕੀਤੀ ਹੈ ਕਿ ਮੰਡੀਆਂ ਭਰ ਗਈਆਂ ਹਨ। ਕੋਈ ਖਰੀਦਣ ਵਾਲਾ ਨਹੀਂ ਹੈ। ਫ਼ਸਲ ਨੂੰ ਸੁਕਾਉਣ ਲਈ ਕੋਈ ਥਾਂ ਨਹੀਂ ਹੈ। ਗਿੱਲੀ ਫ਼ਸਲ ਮਨਮਰਜ਼ੀ ਦੇ ਰੇਟ ’ਤੇ ਖਰੀਦੀ ਜਾ ਰਹੀ ਹੈ। ਸਰਕਾਰ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ। ਕਿਸਾਨ ਜਗਤਾਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਬੀਜਣ ਲਈ ਪ੍ਰੇਰਿਤ ਕਰਦੀ ਹੈ। ਪਰ ਜਦੋਂ ਕਿਸਾਨ ਹੋਰ ਫ਼ਸਲਾਂ ਦੀ ਕਾਸ਼ਤ ਕਰਦੇ ਹਨ ਤਾਂ ਪੂਰਾ ਮੁੱਲ ਨਹੀਂ ਦਿੱਤਾ ਜਾਂਦਾ। ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਹਰ ਪਾਸੇ ਕਿਸਾਨ ਦੁਖੀ ਹੈ।
ਆੜ੍ਹਤੀ ਵੀ ਪ੍ਰੇਸ਼ਾਨ: ਮੱਕੀ ਦੀ ਫਸਲ ਨੂੰ ਲੈ ਕੇ ਆੜ੍ਹਤੀ ਵੀ ਪ੍ਰੇਸ਼ਾਨ ਦਿਖਾਈ ਦਿੱਤੇ। ਖੰਨਾ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਇਹ ਪੁਰਾਣੀ ਮੰਡੀ ਹੈ। ਫਸਲ ਦੇ ਹਿਸਾਬ ਨਾਲ ਮੰਡੀ ਹੁਣ ਛੋਟੀ ਪੈਂਦੀ ਜਾ ਰਹੀ ਹੈ। ਇਸ ਵਾਰ ਮੱਕੀ ਦੀ ਆਮਦ ਵੀ ਜ਼ਿਆਦਾ ਹੈ। ਇਸਨੂੰ ਸੁਕਾਉਣ ਲਈ ਜਗ੍ਹਾ ਦੀ ਲੋੜ ਹੁੰਦੀ ਹੈ। ਸਰਕਾਰ ਤੋਂ ਪਹਿਲਾਂ ਹੀ ਮੰਗ ਕੀਤੀ ਹੋਈ ਹੈ ਕਿ ਖੰਨਾ ਮੰਡੀ ਲਈ ਹੋਰ ਜਗ੍ਹਾ ਖਰੀਦੀ ਜਾਵੇ ਅਤੇ ਮੰਡੀ ਨੂੰ ਵੱਡਾ ਕੀਤਾ ਜਾਵੇ।
ਹੁਣ ਤੱਕ ਮੱਕੀ ਦੀ ਆਮਦ : ਖੰਨਾ ਮਾਰਕੀਟ ਕਮੇਟੀ ਖੰਨਾ ਦੇ ਸਕੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਮੱਕੀ ਦੀ ਆਮਦ ਸ਼ੁਰੂ ਹੋਈ। ਹੁਣ ਤੱਕ ਖੰਨਾ ਮੰਡੀ ਵਿੱਚ 83,470 ਕੁਇੰਟਲ ਮੱਕੀ ਦੀ ਆਮਦ ਹੋਈ ਹੈ। ਪਿਛਲੇ ਸਾਲ ਪੂਰੇ ਸੀਜ਼ਨ ਦੌਰਾਨ 3 ਲੱਖ 26 ਹਜ਼ਾਰ 500 ਕੁਇੰਟਲ ਮੱਕੀ ਦੀ ਆਮਦ ਹੋਈ ਸੀ। ਸਕੱਤਰ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ 2090 ਰੁਪਏ ਹੈ। ਪਰ ਕਿਸਾਨ ਆਪਣੀ ਗਿੱਲੀ ਫ਼ਸਲ ਲੈ ਕੇ ਆਉਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਘੱਟ ਰੇਟ ਮਿਲ ਰਿਹਾ ਹੈ। ਕਿਸਾਨਾਂ ਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਚੰਗੀ ਕੁਆਲਿਟੀ ਦੀ ਫ਼ਸਲ ਸਹੀ ਕੀਮਤ 'ਤੇ ਵੇਚੀ ਜਾਵੇ।