ਲੁਧਿਆਣਾ: ਸਰਕਾਰ ਵੱਲੋਂ ਕੋਰੋਨਾ ਦੇ ਮਾਮਲੇ ਵੱਧ ਜਾਣ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ, ਪਰ ਜਗਰਾਓਂ ਦੇ ਕੁੱਝ ਪ੍ਰਾਇਵੇਟ ਸਕੂਲ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਹਨ। ਪੱਤਰਕਾਰਾਂ ਨੇ ਕਈ ਪ੍ਰਾਇਵੇਟ ਸਕੂਲਾਂ ਦਾ ਦੌਰਾ ਕੀਤਾ, ਜਿਥੇ ਸਕੂਲ ਵਿੱਚ ਲੱਗੀਆਂ ਬੱਸਾਂ ਵਿੱਚੋਂ ਵਿਦਿਆਰਥੀ ਨਿਕਲਦੇ ਵਿਖਾਈ ਦਿੱਤੇ।
ਸਰਕਾਰ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲ ਵਿੱਚ ਇੱਕ ਨੋਡਲ ਅਧਿਆਪਕ ਹੋਣਾ ਜ਼ਰੂਰੀ ਹੈ ਜੋ ਕਿ ਇਹ ਚੈੱਕ ਕਰੇਗਾ ਕਿ ਸਾਰੇ ਵਿਦਿਆਰਥੀ ਨੇ ਮਾਸਕ ਪਾਇਆ ਹੋਵੇ। ਜੇਕਰ ਕੋਈ ਵੀ ਵਿਦਿਆਰਥੀ ਮਾਸਕ ਨਹੀਂ ਪਾ ਕੇ ਆਇਆ ਹੋਵੇ ਤਾਂ ਉਸ ਨੂੰ ਮਾਸਕ ਮੁਹੱਈਆ ਕਰਵਾਇਆ ਜਾਵੇ। ਅੱਜ ਜਗਰਾਉਂ ਦੇ ਕਈ ਸਕੂਲਾਂ ਵਿੱਚ ਵੇਖਣ ਨੂੰ ਮਿਲਿਆ ਕਿ ਨਾ ਤਾਂ ਸਕੂਲ ਵਿਖੇ ਕੋਈ ਨੋਡਲ ਅਧਿਆਪਕ ਹੈ।
ਅੱਜ ਜਦੋਂ ਕਈ ਸਕੂਲਾਂ ਦੀਆਂ ਬਸਾਂ ਵਿੱਚ ਜਾ ਕੇ ਵੇਖਿਆ ਤਾਂ ਓਥੇ ਕੁਝ ਬੱਚਿਆਂ ਦੇ ਮਾਸਕ ਨਹੀਂ ਪਾਏ ਸਨ। ਇਸ ਸੰਬੰਧੀ ਜਦੋਂ ਸਾਡੀ ਟੀਮ ਨੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ। ਜਿਸ ਕਾਰਨ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪਤਾ ਨਹੀਂ ਲੱਗਿਆ। ਨਾ ਹੀ ਨਾਇਬ ਤਹਿਸੀਲਦਾਰ ਸਤਿਗੁਰੂ ਸਿੰਘ ਨੇ ਫੋਨ ਚੁੱਕਿਆ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਚਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਹਸਪਤਾਲ ਵਿੱਚ ਦਾਖ਼ਲ ਹਨ। ਉਹ ਅਜੇ ਗੱਲ ਨਹੀਂ ਕਰ ਸਕਦੇ।
ਬਲੋਸਿਮ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਰਜੀਤ ਕੌਰ ਨੇ ਕਿਹਾ ਕਿ ਉਹ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨਗੇ ਪਰ ਉਨ੍ਹਾਂ ਦੇ ਸਕੂਲ ਦੀ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਬੱਚਿਆਂ ਦੇ ਪੇਪਰਾਂ ਤੱਕ ਸਕੂਲ ਖੋਲ੍ਹੇ ਜਾਣਗੇ। ਉਸ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਬਿਨ੍ਹਾਂ ਮਾਸਕ ਅਤੇ ਕੋਵਿਡ ਰਿਪੋਰਟ ਤੋਂ ਛਾਪਾ ਮਾਰਨ ਵਾਲੀ ED 'ਤੇ ਹੋਵੇ ਪਰਚਾ: ਖਹਿਰਾ
ਬੀ.ਬੀ.ਐਸ ਕਾਨਵੈਂਟ ਸਕੂਲ ਦੇ ਡਾਇਰੈਕਟਰ ਸਤੀਸ਼ ਕਾਲੜਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦਾ ਹੁਕਮ ਜਾਰੀ ਹੋਇਆ ਸੀ ਉਸ ਵੇਲੇ ਹੀ ਉਨ੍ਹਾਂ ਨੇ ਸਾਰੇ ਵਿਦਿਆਰਥੀ ਨੂੰ ਸੂਚਿਤ ਕਰ ਦਿੱਤਾ ਸੀ ਸਰਕਾਰ ਦੀ ਅਗਲੀ ਹਿਦਾਇਤ ਆਉਣ ਤੱਕ ਸਕੂਲ ਬੰਦ ਰਹਿਣਗੇ। ਹੁਣ ਸਿਰਫ਼ ਟੀਚਰਸ ਹੀ ਸਕੂਲ ਆਏ ਹਨ।