ਲੁਧਿਆਣਾ: ਅੱਜ ਦੀ ਰਾਤ ਪੱਖੋਵਾਲ ਰੋਡ ਅਤੇ ਨੇੜੇ ਤੇੜੇ ਦੇ ਇਲਾਕੇ ਦੇ ਲੋਕਾਂ ਲਈ ਬਹੁਤ ਅਹਿਮ ਮੰਨੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ। ਇਸ ਅਲਰਟ ਤੋਂ ਬਾਅਦ ਹਰ ਕੋਈ ਇਹ ਸੋਚ ਰਿਹਾ ਕਿ ਆਖਰ ਲੁਧਿਆਣਾ 'ਚ ਰਾਤ ਨੂੰ ਅਜਿਹਾ ਕੀ ਹੋਣ ਵਾਲਾ ਹੈ ਜੋ ਲੋਕ ਆਪਣੇ ਘਰੋਂ ਵੀ ਬਾਹਰ ਨਹੀਂ ਨਿਕਲ ਸਕਦੇ। ਇੱਥੇ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਲੁਧਿਆਣਾ 'ਚ ਫੁੱਲ ਸਾਇਜ਼ ਲੈਪਰਡ ਦੇਖਿਆ ਗਿਆ ਹੈ। ਯਾਨੀ ਕਿ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਵੱਡਾ ਤੇਂਦੂਆ ਦੇਖਿਆ ਗਿਆ ਹੈ। ਇਸ ਤੇਂਦੂਆ ਦੀ ਇੱਕ ਵੀਡੀਓ ਵੀ ਬਾਹਰ ਵਾਇਰਲ ਹੋ ਰਹੀ ਹੈ। ਲੈਪਰਡ ਦੇ ਪੰਜਿਆਂ ਦੇ ਨਿਸ਼ਾਨ ਵੀ ਵੇਖੇ ਗਏ ਹਨ, ਇਸੇ ਕਾਰਨ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਹਾਲੇ ਤੱਕ ਲੈਪਰਡ ਨੂੰ ਕਾਬੂ ਨਹੀਂ ਕੀਤਾ ਗਿਆ। ਭਾਵੇਂ ਕਿ ਜੰਗਲਾਤ ਵਿਭਾਗ ਵੱਲੋਂ ਸਰਚ ਵੀ ਕੀਤੀ ਪਰ ਹਾਲੇ ਲੈਪਰਡ ਨੂੰ ਫ਼ੜਨ 'ਚ ਕੋਈ ਸਫ਼ਲਤਾ ਹਾਸਿਲ ਨਹੀਂ ਹੋਈ।
ਫੋਰੈਸਟ ਰੇਂਜ ਦੇ ਅਫ਼ਸਰ ਦਾ ਬਿਆਨ: ਲੁਧਿਆਣਾ ਫੋਰੈਸਟ ਰੇਂਜ ਦੇ ਅਫ਼ਸਰ ਪ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਅੱਜ ਦੀ ਰਾਤ ਵੀ ਲੋਕਾਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ, ਕਿਉਂਕਿ ਅੱਜ ਉਹ ਮੂਵਮੈਂਟ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਫਿਲਹਾਲ ਉਹ ਇਲਾਕੇ ਤੋਂ ਦੂਰ ਨਿਕਲ ਗਿਆ ਹੈ ਪਰ ਫਿਰ ਵੀ ਲੋਕ ਅਲਰਟ 'ਤੇ ਰਹਿਣ। ਉਹਨਾਂ ਕਿਹਾ ਕਿ ਤੇਂਦੂਆ ਜਲਦੀ ਕਿਸੇ 'ਤੇ ਹਮਲਾ ਨਹੀਂ ਕਰਦਾ ਪਰ ਜੇਕਰ ਉਸਨੂੰ ਆਪਣੀ ਜਾਨ ਦਾ ਖਤਰਾ ਹੋਵੇ ਤਾਂ ਉਹ ਹਮਲਾ ਕਰਨ ਤੋਂ ਨਹੀਂ ਕਤਰਾਉਂਦਾ । ਉਹਨਾਂ ਕਿਹਾ ਖਾਸ ਕਰਕੇ ਛੋਟੇ ਬੱਚੇ, ਛੋਟੇ ਜਾਨਵਰਾਂ ਨੂੰ ਜ਼ਰੂਰ ਇਹ ਟਾਰਗੇਟ ਕਰ ਸਕਦਾ ਹੈ।
ਕਿੱਥੋਂ ਆਇਆ ਤੇਂਦੂਆ: ਅਕਸਰ ਹੀ ਜਦੋਂ ਪਹਾੜਾਂ 'ਚ ਬਰਫਬਾਰੀ ਹੁੰਦੀ ਹੈ ਤਾਂ ਮੈਦਾਨੀ ਇਲਾਕਿਆਂ ਵੱਲ ਜਾਨਵਰ ਆ ਜਾਂਦੇ ਹਨ, ਪਰ ਇਹ ਕਿੱਥੋਂ ਆਇਆ ਹੈ। ਫਿਲਹਾਲ ਪਤਾ ਨਹੀਂ ਲੱਗ ਸਕਿਆ। ਅਫ਼ਸਰ ਮੁਤਾਇਕ ਉਨ੍ਹਾਂ ਵੱਲੋਂ ਦੋ ਟੀਮਾਂ ਬਣਾਈਆਂ ਹੋਈਆਂ ਨੇ ਜੋ ਇਸ 'ਤੇ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਅਸੀਂ ਪਿੰਜਰਾ ਵੀ ਤਿਆਰ ਕੀਤਾ ਹੋਇਆ ਹੈ, ਪਰ ਇਸ ਨੂੰ ਆਸਾਨੀ ਦੇ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਅਸੀਂ ਲਗਾਤਾਰ ਇਸਤੇ ਕੰਮ ਕਰ ਰਹੇ ਹਾਂ।ਫੋਰੈਸਟ ਰੇਂਜ ਅਫਸਰ ਨੇ ਕਿਹਾ ਹੈ ਕਿ ਅਸੀਂ ਬੀਤੀ ਰਾਤ ਪਿੰਜਰਾ ਵੀ ਲਗਾਇਆ ਸੀ ਅਤੇ ਉਸ ਵਿੱਚ ਮੀਟ ਰੱਖਿਆ ਸੀ ਕਿ ਸ਼ਾਇਦ ਉਹ ਖਾਣ ਲਈ ਆਏਗਾ ਪਰ ਉਹ ਨਹੀਂ ਆਇਆ ਉਹ ਦੇਵ ਕਲੋਨੀ ਦੇ ਇਲਾਕੇ ਦੇ ਵਿੱਚ ਅੱਗੇ ਨਿਕਲ ਗਿਆ।
ਬੀਟ ਅਫ਼ਸਰ ਨੇ ਕਿਹਾ: ਦੂਜੇ ਪਾਸੇ ਬੀਟ ਇੰਚਾਰਜ ਅਨੂੰ ਨੇ ਕਿਹਾ ਕਿ ਅਕਸਰ ਹੀ ਇਹ ਰਾਤ ਨੂੰ ਹੀ ਬਾਹਰ ਨਿਕਲਦੇ ਹਨ। ਇਸ ਕਰਕੇ ਅਸੀਂ ਰਾਤ ਨੂੰ ਵੀ ਟੀਮਾਂ ਤੈਨਾਤ ਕੀਤੀਆਂ ਹਨ। ਸਾਨੂੰ ਉਸਦੇ ਪੰਜਾਂ ਦੇ ਨਿਸ਼ਾਨ ਮਿਲ ਚੁੱਕੇ ਹਨ ਅਤੇ ਲਗਾਤਾਰ ਸਰਚ ਅਪਰੇਸ਼ਨ ਚੱਲ ਰਿਹਾ ਹੈ । ਉਹਨਾਂ ਦੱਸਿਆ ਹੈ ਕਿ ਉਸ ਨੇ ਫਿਲਹਾਲ ਹਾਲੇ ਤੱਕ ਕਿਸੇ 'ਤੇ ਹਮਲਾ ਨਹੀਂ ਕੀਤਾ ਅਤੇ ਉਹ ਇਸ ਤਰ੍ਹਾਂ ਹਮਲਾ ਨਹੀਂ ਕਰਦਾ ਪਰ ਫਿਰ ਵੀ ਲੋਕਾਂ ਨੂੰ ਚੁਕੰਨੇ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਸੋਫਟ ਟਾਰਗੇਟ ਲੱਭਦਾ ਹੈ ਅਤੇ ਫਿਰ ਉਸ 'ਤੇ ਹਮਲਾ ਕਰਦਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਲੁਧਿਆਣਾ ਦੇ ਵਿੱਚ ਅੱਜ ਤੋਂ 8 ਤੋਂ 10 ਸਾਲ ਪਹਿਲਾਂ ਹੋਏ ਸਨ ਜਦੋਂ ਇੱਕ ਫਲੈਟ ਦੇ ਵਿੱਚ ਤੇਂਦੂਆ ਆ ਗਿਆ ਸੀ ਪਰ ਫਲੈਟ 'ਚ ਹੋਣ ਕਰਕੇ ਅਸੀਂ ਉਸ ਨੂੰ ਕਾਬੂ ਕਰ ਲਿਆ ਸੀ ਪਰ ਅਜਿਹੇ ਹਾਲਾਤਾਂ ਦੇ ਵਿੱਚ ਉਸ ਨੂੰ ਕਾਬੂ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ ।ਜਦੋਂ ਉਹ ਖੁੱਲੇ ਦੇ ਵਿੱਚ ਘੁੰਮਦਾ ਹੈ ਕਿਉਂਕਿ ਉਸਦੀ ਰਫਤਾਰ ਬਹੁਤ ਤੇਜ਼ ਹੁੰਦੀ ਹੈ। ਅਫਸਰਾਂ ਨੇ ਇਹ ਵੀ ਕਿਹਾ ਕਿ ਕੋਈ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰੇ ਤੁਰੰਤ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦੇਵੇ। ਇਸੇ ਲਈ ਉਹਨਾਂ ਨੇ ਆਪਣਾ 8146933778 ਨੰਬਰ ਦਿੱਤਾ ਹੈ ਅਤੇ ਇਸ 'ਤੇ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰਨ ਨੂੰ ਆਖਿਆ।