ਲੁਧਿਆਣਾ: ਲੁਧਿਆਣ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਦੇਖ ਰੇਖ 'ਚ ਚੱਲ ਰਹੇ ਭਾਈ ਗੁਰਦਾਸ ਮਿਸ਼ਨਰੀ ਕਾਲਜ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ। ਇਸ ਦੌਰਾਨ ਉਨ੍ਹਾਂ ਜਿੱਥੇ ਕਾਲਜ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪਾਕਿਸਤਾਨੀ ਪੰਜਾਬ ਵਿੱਚ ਰੇਲ ਹਾਦਸੇ 'ਚ 20 ਸਿੱਖਾਂ ਦੇ ਮਾਰੇ ਜਾਣ 'ਤੇ ਦੁੱਖ ਜ਼ਾਹਿਰ ਕੀਤਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਾਲਜ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਇਸ ਕਾਲਜ ਤੋਂ ਚੰਗੇ ਪ੍ਰਚਾਰਕ ਨਿਕਲ ਰਹੇ ਹਨ। ਇਸ ਕਰਕੇ ਉਹ ਕਾਲਜ ਦਾ ਜਾਇਜ਼ਾ ਲੈਣ ਲਈ ਅਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਪ੍ਰਿਤਪਾਲ ਸਿੰਘ ਜੀ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹਨ।
ਹਾਲਾਂਕਿ ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਬਹੁਤੀ ਗੱਲਬਾਤ ਤਾਂ ਨਹੀਂ ਕੀਤੀ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਤੋਂ ਉਨ੍ਹਾਂ ਨੂੰ ਖ਼ਬਰ ਮਿਲੀ ਹੈ ਕਿ ਨਨਕਾਣਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਦੀ ਬੱਸ ਦਾ ਰੇਲ ਨਾਲ ਹਾਦਸਾ ਹੋ ਗਿਆ, ਜਿਸ ਵਿੱਚ ਲਗਭਗ 20 ਸਿੱਖ ਸ਼ਰਧਾਲੂਆਂ ਦੀ ਮੌਤ ਹੋਈ ਹੈ ।
ਉਨ੍ਹਾਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ 'ਚ ਪਰਿਵਾਰਕ ਮੈਂਬਰਾਂ ਨਾਲ ਹਨ ਅਤੇ ਪਰਿਵਾਰਕ ਮੈਂਬਰਾਂ ਨੂੰ ਰੱਬ ਦਾ ਭਾਣਾ ਮੰਨਣ ਦੀ ਅਪੀਲ ਕਰਦੇ ਹਨ। ਇਸ ਦੌਰਾਨ ਜਦੋਂ ਹਰਿਮੰਦਰ ਸਾਹਿਬ ਦੀ ਸੁਰੱਖਿਆ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।