ਜਲੰਧਰ: ਕਸਬਾ ਫਿਲੌਰ ਦੇ ਅੱਪਰਾ ਇਲਾਕੇ ਵਿੱਚ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ, ਜਦੋਂ ਇੱਕ ਆਈਲੈਟਸ ਸੈਂਟਰ ਚਲਾਉਣ ਵਾਲੀ ਅਮਨਦੀਪ ਕੌਰ ਨੇ ਆਪਣੇ ਹੀ ਸੈਂਟਰ ਵਿਚ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ।
ਮਾਮਲੇ ਬਾਰੇ ਥਾਣਾ ਫਿਲੌਰ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱਪਰਾ ਵਿਖੇ ਇੱਕ ਆਈਲੈਟਸ ਸੈਂਟਰ ਵਿੱਚ ਇੱਕ ਔਰਤ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਉਹ ਤੁਰੰਤ ਸੂਚਨਾ ਮਿਲਣ 'ਤੇ ਮੌਕੇ ਉਪਰ ਪੁੱਜੇ ਅਤੇ ਲਾਸ਼ ਨੂੰ ਹੇਠਾਂ ਉਤਾਰ ਕੇ ਕਬਜ਼ੇ ਵਿੱਚ ਲੈ ਲਿਆ ਹੈ।
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਫ਼ਿਲੌਰ ਦੇ ਸਿਵਲ ਹਸਪਤਾਲ ਵਿਖੇ ਭਿਜਵਾ ਦਿੱਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਜੋ ਕਿ ਪਿੰਡ ਸਮਰਾਲਾ ਵਿਖੇ ਰਹਿੰਦੀ ਹੈ ਅਤੇ ਅੱਪਰਾ ਵਿਖੇ ਉਹ ਆਪਣਾ ਆਈਲੈਟਸ ਸੈਂਟਰ ਚਲਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਮਨਦੀਪ ਕੌਰ ਦਾ ਵਿਆਹ ਤਿੰਨ ਸਾਲ ਪਹਿਲੇ ਹਰਵਿੰਦਰ ਸਿੰਘ ਦੇ ਨਾਲ ਹੋਇਆ ਸੀ, ਜੋ ਕਿ ਇਸ ਵੇਲੇ ਇਟਲੀ ਵਿੱਚ ਰਹਿ ਰਿਹਾ ਹੈ। ਉਨ੍ਹਾਂ ਨੇ ਅਮਨਦੀਪ ਕੌਰ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਖੁਦਕੁਸ਼ੀ ਵਾਲੀ ਥਾਂ 'ਤੇ ਉਨ੍ਹਾਂ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਮਾਮਲੇ ਵਿੱਚ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।