ਜਲੰਧਰ: ਸੂਬੇ 'ਚ ਚੋਰਾਂ ਲੁਟੇਰਿਆਂ ਨੂੰ ਪੁਲਿਸ ਪ੍ਰਸ਼ਾਸਨ ਅਤੇ ਕਾਨੂੰਨ ਦਾ ਕੋਈ ਵੀ ਖੌਫ਼ ਨਹੀਂ ਹੈ। ਇਸੇ ਕਾਰਨ ਤਾਂ ਇੰਨਾਂ ਵੱਲੋਂ ਲਗਾਤਾਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਪਾਸੇ ਤਾਂ ਜ਼ਿਲ੍ਹੇ ਵਿੱਚ ਜਿਮਨੀ ਚੋਣ ਹੋਣ ਦੇ ਚੱਲਦੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਿਆਰੀ ਵਿੱਚ ਲੱਗਿਆ ਹੋਇਆ ਹੈ, ਦੂਜੇ ਪਾਸੇ ਲੁਟੇਰਿਆਂ ਵੱਲੋਂ ਬੇਖੌਫ਼ ਹੋ ਕੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਪਤਾ ਲੱਗਦਾ ਹੈ ਇੰਨ੍ਹਾਂ ਲੁਟੇਰਿਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਅਜਿਹਾ ਹੀ ਮਾਮਲਾ ਜਲੰਧਰ ਦੇ ਗੁਲਮੋਹਰ ਸਿਟੀ ਪੁਰਾਣੇ ਹੁਸ਼ਿਆਰਪੁਰ ਰੋਡ ਦੀ ਕਰਿਆਨਾ ਸਟੋਰ ਤੋਂ ਸਾਹਮਣੇ ਆਇਆ ਹੈ।
ਲੁੱਟ ਦੀ ਨਾਕਾਮ ਕੋਸ਼ਿਸ਼: ਦੱਸ ਦਈਏ ਕਿ ਬਜ਼ੁਰਗ ਨੂੰ ਇਕੱਲਾ ਦੇਖ ਕੇ ਲੁਟੇਰੇ ਦੁਕਾਨ 'ਚ ਦਾਖਲ ਹੋ ਗਏ। ਉਨ੍ਹਾਂ ਦੇ ਹੱਥ 'ਚ ਦਾਤਾਰ ਫੜਿਆ ਹੋਇਆ ਸੀ। ਦੁਕਾਨ 'ਚ ਦਾਖਲ ਹੁੰਦੇ ਹੀ ਉਨ੍ਹਾਂ ਵੱਲਂ ਬਜ਼ੁਰਗ 'ਤੇ ਲੁੱਟ ਦੀ ਕੋਸ਼ਿਸ਼ ਕਾਰਨ ਵਾਰ ਕੀਤੇ ਜਾਂਦੇ ਹਨ। ਬਜ਼ੁਰਗ ਨੂੰ ਡਰਾਇਆ ਜਾਂਦਾ ਹੈ ਤਾਂ ਜੋ ਉਹ ਆਪਣੀ ਜਾਨ ਨੂੰ ਬਚਾਉਣ ਲਈ ਡਰ ਕੇ ਉਨ੍ਹਾਂ ਨੂੰ ਪੈਸੇ ਅਤੇ ਸਮਾਨ ਦੇ ਦੇਵੇ ਪਰ ਹੋਇਆ ਇਸ ਦੇ ਉਲਟ, ਬਜ਼ੁਰਗ ਵੱਲੋਂ ਬਿਨ੍ਹਾਂ ਡਰੇ ਲੁਟੇਰਿਆਂ ਦਾ ਤਲਵਾਰ ਨਾਲ ਮੁਕਾਬਲਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਆਪਣੀ ਪੇਸ਼ ਨਾ ਚੱਲਦੀ ਦੇਖ ਲੁਟੇਰੇ ਖਾਲੀ ਹੱਥ ਦੁਕਾਨ ਤੋਂ ਵਾਪਸ ਚਲੇ ਜਾਂਦੇ ਹਨ। ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀਆਂ ਹਨ।
ਦੁਕਾਨ ਮਾਲਕ ਦਾ ਬਿਆਨ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਬਲਵਿੰਦਰ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਰਾਤ ਕਰੀਬ ਸਾਢੇ ਨੌਂ ਵਜੇ ਉਨ੍ਹਾਂ ਦੀ ਦੁਕਾਨ ਵਿੱਚ ਤਿੰਨ ਵਿਅਕਤੀ ਆਏ । ਜਿਨ੍ਹਾਂ ਵਿਚੋਂ ਇੱਕ ਨੇ ਉਨ੍ਹਾਂ ਦੇ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਕੋਲ ਤਲਵਾਰ ਹੋਣ ਕਾਰਨ ਉਨ੍ਹਾਂ ਦਾ ਜਵਾਬੀ ਹਮਲਾ ਰੋਕਿਆ ਗਿਆ। ਇਸ ਮੌਕੇ ਉਨਾਂ ਆਖਿਆ ਕਿ ਜੇਕਰ ਉਨ੍ਹਾਂ ਕੋਲ ਵੀ ਤਲਵਾਰ ਨਾ ਹੁੰਦੀ ਤਾਂ ਉਨ੍ਹਾਂ ਦੇ ਉੱਤੇ ਘਾਤਕ ਹਮਲਾ ਕੀਤਾ ਜਾਣਾ ਸੀ। ਕਿਉਕਿ ਉਹ ਨੌਜਵਾਨ ਪੂਰੀ ਤਰ੍ਹਾਂ ਲੁੱਟ ਦੇ ਇਰਾਦੇ ਨਾਲ ਹੀ ਦੁਕਾਨ 'ਚ ਦਾਖਲ ਹੋ ਕੇ ਹਮਲਾ ਕਰਨ ਲੱਗੇ ਸਨ।
ਪੁਲਿਸ ਅਧਿਕਾਰੀ ਦਾ ਬਿਆਨ: ਉਧਰ ਇਸ ਮਾਮਲੇ 'ਚ ਐਸਐਚਓ ਨਵਦੀਪ ਸਿੰਘ ਨੇ ਆਖਿਆ ਕਿ ਬਲਵਿੰਦਰ ਸਿੰਘ ਦੀ ਦੁਕਾਨ ਰਿਹਾਇਸ਼ੀ ਇਲਾਕੇ ਤੋਂ ਦੂਰ ਹੋਣ ਕਾਰਨ ਅਜਿਹੀ ਘਟਨਾ ਵਾਪਰੀ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਆਖਿਆ ਕਿ ਪੁਲਿਸ ਸੀਸੀਟੀਵੀ ਦੀ ਮਦਦ ਨਾਲ ਲੁਟੇਰਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Dog beaten to Death: ਬੇਜ਼ੁਬਾਨ ਕੁੱਤੇ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, 5 ਲੋਕ ਨਾਮਜ਼ਦ