ਜਲੰਧਰ: ਓਲੰਪਿਅਨ ਮਨਪ੍ਰੀਤ ਸਿੰਘ (Olympian Manpreet Singh) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਸਮਾਗਮ ਦੌਰਾਨ ਰਸਮੀ ਤੌਰ ‘ਤੇ ਨਾਮ ਰੱਖਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਹਾਕੀ ਓਲੰਪੀਅਨ ਮਨਪ੍ਰੀਤ ਸਿੰਘ ਉਨ੍ਹਾਂ ਦੇ ਮਾਤਾ ਜੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਸਮੇਤ ਓਲੰਪੀਅਨ ਮਨਦੀਪ ਸਿੰਘ ਅਤੇ ਉਸਦੇ ਪਰਿਵਾਰਿਕ ਮੈਂਬਰ ਵੀ ਪਹੁੰਚੇ। ਇਸ ਸਮਾਗਮ ਮੌਕੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਪਰਗਟ ਸਿੰਘ (Pargat Singh) ਪਹੁੰਚੇ।
ਇਸ ਦੌਰਾਨ ਓਲੰਪਿਅਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿਉਂਕਿ ਉਹ ਜਿਸ ਸਕੂਲ ਵਿੱਚ ਪੜ੍ਹਦੇ ਸੀ ਅੱਜ ਉਸੇ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਇਹ ਉਨ੍ਹਾਂ ਲਈ ਬੜੀ ਮਾਣ ਵਾਲੀ ਗੱਲ ਹੈ ਇਸ ਦੇ ਨਾਲ ਹੀ ਆਉਣ ਵਾਲੀ ਪੀੜ੍ਹੀ ਲਈ ਇਹ ਇੱਕ ਪ੍ਰੇਰਨਾ ਦਾ ਸਰੋਤ ਵੀ ਹੈ।
ਇਸ ਮੌਕੇ ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਆਪਣੇ ਪਿਤਾ ਜੀ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਅੱਜ ਉਨ੍ਹਾਂ ਦੇ ਪਿਤਾ ਜੀ ਹੁੰਦੇ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਮਾਣ ਹੋਣਾ ਸੀ। ਮਨਪ੍ਰੀਤ ਨੇ ਦੱਸਿਆ ਕਿ ਇਸ ਸਕੂਲ ਵਿੱਚ ਉਨ੍ਹਾਂ ਦੇ ਪਿਤਾ ਜੀ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਪੜ੍ਹੇ ਹਨ। ਉਨ੍ਹਾਂ ਦੱਸਆ ਕਿ ਇਸ ਸਕੂਲ ਦੇ ਨਾਲ ਉਨ੍ਹਾਂ ਦੀਆਂ ਬਹੁਤ ਯਾਦਾਂ ਜੁੜੀਆਂ ਹਨ।
ਇਸ ਮੌਕੇ ਇਸੇ ਪਿੰਡ ਦੀ ਧਰਤੀ ‘ਤੇ ਹਾਕੀ ਖੇਡ ਕੇ ਓਲੰਪਿਅਨ ਰਹੇ ਅਤੇ ਇਸੇ ਇਲਾਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਵੀ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਮਾਣ ਮਹਿਸੂਸ ਕੀਤਾ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਬੱਚੇ ਇਸ ਮੁਕਾਮ ‘ਤੇ ਪਹੁੰਚੇ ਹਨ ਕਿ ਉਨ੍ਹਾਂ ਦੇ ਨਾਮ ‘ਤੇ ਸਰਕਾਰੀ ਸਕੂਲਾਂ ਦੇ ਨਾਮ ਤੱਕ ਰੱਖੇ ਜਾਣ ਲੱਗੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਨਾਮ ‘ਤੇ ਰੱਖੇ ਇਨ੍ਹਾਂ ਸਕੂਲਾਂ ਨੂੰ ਵੇਖ ਆਉਣ ਵਾਲੀ ਪੀੜ੍ਹੀ ਖੇਡਾਂ ਵੱਲ ਪ੍ਰੇਰਿਤ ਹੋਵੇਗੀ।
ਇਹ ਵੀ ਪੜ੍ਹੋ:ਕੈਪਟਨ ਦੀ ਕਿਸਾਨਾਂ ਨੂੰ ਅਪੀਲ, 'ਦਿੱਲੀ ’ਚ ਕਰੋ ਪ੍ਰਦਰਸ਼ਨ, ਆਪਣੇ ਪੰਜਾਬ ਨੂੰ ਨਾ ਵਿਗਾੜੋ'