ਜਲੰਧਰ:ਕੋਰੋਨਾ ਦੇ ਵਧ ਰਹੇ ਮਾਮਲੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਸੰਪੂਰਨ ਤੌਰ ਤੇ ਲੌਕਡਾਊਣ ਲਗਾਉਣ ਦੀ ਘੋਸ਼ਣਾ ਕੀਤੀ ਹੈ। ਜਿਸ ਦੇ ਚੱਲਦਿਆਂ ਅੱਜ ਇਸ ਦਾ ਅਸਰ ਜਲੰਧਰ ਵਿਖੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਜਲੰਧਰ ਵਿਖੇ ਪੁਲੀਸ ਪ੍ਰਸ਼ਾਸਨ ਵੱਲੋਂ ਜਗ੍ਹਾ ਜਗ੍ਹਾ ਤੇ ਨਾਕੇ ਲਗਾਏ ਹੋਏ ਹਨ ਅਤੇ ਸ਼ਨੀਵਾਰ ਤੇ ਐਤਵਾਰ ਸੰਪੂਰਨ ਤੌਰ ਤੇ ਲੌਕਡਾਊਨ ਦੇ ਚਲਦਿਆਂ ਦੁਕਾਨਾਂ ਤੇ ਬਾਜ਼ਾਰ ਵੀ ਪੂਰੀ ਤਰ੍ਹਾਂ ਬੰਦ ਹਨ। ਲੋਕ ਖ਼ੁਦ ਵੀ ਇਸ ਆਦੇਸ਼ ਦਾ ਪਾਲਣ ਕਰ ਰਹੇ ਹਨ। ਘਰੋਂ ਬਾਹਰ ਬਿਲਕੁਲ ਵੀ ਨਹੀਂ ਨਿਕਲ ਰਹੇ।
ਇਸ ਸਬੰਧ ਵਿਚ ਬੋਲਦੇ ਹੋਏ ਏਐਸਆਈ ਕਰਮਜੀਤ ਨੇ ਕਿਹਾ ਕਿ ਲੋਕ ਬਹੁਤ ਸਮਝਦਾਰ ਹੋ ਚੁੱਕੇ ਹੋਏ ਹਨ ਅਤੇ ਉਹ ਬਿਲਕੁਲ ਵੀ ਘਰੋਂ ਬਾਹਰ ਨਹੀਂ ਨਿਕਲ ਰਹੇ। ਲੇਕਿਨ ਜਿਹੜੇ ਦਿਹਾੜੀਦਾਰ ਮਜ਼ਦੂਰ ਹਨ। ਉਹ ਇਹੀ ਚਾਹੁੰਦੇ ਹਨ ਕਿ ਜ਼ਿਆਦਾ ਲੰਬਾ ਲੌਕਡਾਊਨ ਨਾ ਲੱਗੇ ਕਿਉਂਕਿ ਜੇਕਰ ਜ਼ਿਆਦਾ ਲੰਬਾ ਲੌਕਡਾਊਨ ਲੱਗ ਗਿਆ ਤਾਂ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਜਾਏਗਾ ਕਿਉਂਕਿ ਦਿਹਾੜੀਦਾਰ ਮਜ਼ਦੂਰਾਂ ਨੇ ਰੋਜ਼ ਕਮਾ ਕੇ ਰੋਜ਼ ਖਾਣਾ ਹੁੰਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਜੋ ਫੈਸਲੇ ਲੈ ਰਹੀ ਹੈ ਉਹ ਵੀ ਬਿਲਕੁਲ ਸਹੀ ਹੈ ਕਿਉਂਕਿ ਕੋੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ।