ਹੁਸ਼ਿਆਰਪੁਰ: ਚੋਣਾਂ ਤੋਂ ਪਹਿਲਾਂ ਸਿਆਸੀ ਆਗੂ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਸਾਰੇ ਵਾਅਦੇ ਭੁੱਲ ਜਾਂਦੇ ਹਨ। ਲੋਕਾਂ ਨੂੰ ਆਪਣੀਆਂ ਮੁੱਢਲੀਆਂ ਸਹੂਲਤਾਂ ਲਈ ਵੀ ਹਾੜ੍ਹੇ ਕੱਢਣੇ ਪੈਂਦੇ ਹਨ। ਅਜਿਹਾ ਹੀ ਕੁੱਝ ਹੁਸ਼ਿਆਰਪੁਰ ਦੇ ਵਾਸੀਆਂ ਨਾਲ ਹੋ ਰਿਹਾ ਹੈ ਜਿੱਥੇ ਸੜਕਾਂ ਦੀ ਹਾਲਤ ਖ਼ਸਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਿਆਸੀ ਆਗੂਆਂ ਵੱਲੋਂ ਕੁੱਝ ਸੜਕਾਂ ਬਣਵਾ ਵੀ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦਾ ਲੈਵਲ ਸਹੀ ਨਾ ਹੋਣ ਕਾਰਨ ਇਹ ਸੜਕਾਂ ਹਾਦਸਿਆਂ ਨੂੰ ਸੱਦਾ ਦਿੰਦੀਆਂ ਹਨ। ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜੋ ਸੜਕਾਂ ਬਣਾਈਆਂ ਗਈਆਂ ਹਨ ਉਹ ਮਹਿਜ਼ ਖਾਨਾਪੂਰਤੀ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸੱਚਮੁੱਚ ਹੀ ਲੋਕਾਂ ਦੀ ਹਮਦਰਦ ਹੁੰਦੀ ਤਾਂ ਸੜਕਾਂ ਨੂੰ ਪੂਰਨ ਤਰੀਕੇ ਨਾਲ ਪੁੱਟ ਕੇ ਬਣਵਾਇਆ ਜਾਂਦਾ।
ਇਸ ਸਬੰਧੀ ਜਦੋਂ ਸਾਬਕਾ ਕੈਬਿਨੇਟ ਮੰਤਰੀ ਤੀਕਸ਼ਣ ਸੂਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਸੜਕਾਂ ਬਣਵਾਈਆਂ ਗਈਆਂ ਹਨ ਉਹ ਲੋਕਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਰਾਜਸੀ ਆਗੂ ਵੱਲੋਂ ਆਪਣੀਆਂ ਕਾਲੋਨੀਆਂ ਦੀਆਂ ਸੜਕਾਂ ਤਾਂ ਵਧੀਆ ਤਰੀਕੇ ਨਾਲ ਤਿਆਰ ਕਰਵਾਈਆਂ ਜਾ ਰਹੀਆਂ ਹਨ ਪਰ ਲੋਕਾਂ ਦੇ ਸਿਰ ਉੱਤੇ ਜਿੱਤ ਹਾਸਲ ਕਰਕੇ ਮੰਤਰੀ ਮੰਡਲ ਤੱਕ ਪਹੁੰਚਣ ਵਾਲੇ ਸ਼ਹਿਰ ਵਾਸੀਆਂ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ।