ਹੁਸ਼ਿਆਰਪੁਰ: ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਪਦੀ ਸੂਰਾ ਸਿੰਘ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 26 ਪਰਿਵਾਰਾਂ ਵੱਲੋਂ ਸਰਕਾਰ ਦੇ ਕੰਮ 'ਚ ਦਖ਼ਲ ਦੇਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਜਾਣਕਾਰੀ ਮੁਤਾਬਕ ਪਿੱਛਲੇ ਲੰਬੇ ਸਮੇਂ ਤੋਂ ਪੰਚਾਇਤ ਮੈਂਬਰਾਂ ਸਮੇਤ ਪਿੰਡ ਦੇ 26 ਪਰਿਵਾਰਾਂ ਵੱਲੋਂ ਪਿੰਡ ਦੀ ਸ਼ਾਮਲਾਟ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪਿੰਡ ਦੇ ਲੋਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਾਮਲਾਟ ਜ਼ਮੀਨ ਨੂੰ ਖਾਲੀ ਕਰਵਾਉਣ ਦਾ ਮੁੱਦਾ ਚੁੱਕਿਆ ਹੋਇਆ ਸੀ। ਇਸ ਸ਼ਮਲਾਟ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਮਾਨਯੋਗ ਹਾਈ ਕੋਰਟ ਵੱਲੋਂ ਵੀ ਹੁਕਮ ਜਾਰੀ ਹੋ ਚੁਕੇ ਹਨ ਪਰ ਪ੍ਰਸ਼ਾਸ਼ਨ ਵਲੋਂ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਪਿੰਡ ਦੇ ਕੁੱਝ ਲੋਕਾਂ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਲੈ ਕੇ ਪੰਜਾਬ ਉੱਚ ਅਧਿਕਾਰੀਆਂ ਦੇ ਨਾਲ ਨਾਲ ਮੁੱਖ ਮੰਤਰੀ ਤੋਂ ਵੀ ਸ਼ਮਲਾਟ ਜ਼ਮੀਨ ਨੂੰ ਖਾਲੀ ਕਰਵਾਉਣ ਲਈ ਗੁਹਾਰ ਲਗਾਈ ਸੀ।
ਇਸ ਸਬੰਧ ਵਿੱਚ ਜਦੋਂ ਕੁਝ ਦਿਨ ਪਹਿਲਾਂ ਸਬੰਧਤ ਅਧਿਕਾਰੀ ਮਿਣਤੀ ਕਰਵਾਉਣ ਲਈ ਪੁੱਜੇ ਤਾਂ ਲੋਕਾਂ ਵਲੋਂ ਮਾਹੌਲ ਖ਼ਰਾਬ ਹੋਣ ਦੀ ਅਸ਼ੰਕਾਂ ਕਾਰਨ ਅਧਿਕਾਰੀ ਜ਼ਮੀਨ ਦੀ ਮਿਣਤੀ ਕੀਤੇ ਬਿਨ੍ਹਾਂ ਹੀ ਵਾਪਿਸ ਮੁੜ ਗਏ ਸਨ। ਪਰ ਮੰਗਲਵਾਰ ਨੂੰ ਇੱਕ ਵਾਰ ਫ਼ਿਰ ਤੋਂ ਵਿਭਾਗ ਦੇ ਨਾਇਬ ਤਹਿਸੀਲਦਾਰ ਧਰਮਿੰਦਰ ਸਿੰਘ ਪੁੱਜੇ ਤਾਂ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਕੁਝ ਲੋਕਾਂ ਵੱਲੋਂ ਪ੍ਰਸ਼ਾਸ਼ਨ 'ਤੇ ਧਕੇਸ਼ਾਹੀ ਕਰਨ ਦੇ ਦੋਸ਼ ਲਗਾਏ ਗਏ ਹਨ। ਲੋਕਾਂ ਨੇ ਪ੍ਰਸ਼ਾਸ਼ਨ ਦੇ ਕੰਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਪ੍ਰਸ਼ਾਸਨ ਮਾਹੌਲ ਨੂੰ ਸ਼ਾਂਤ ਕਰਵਾਉਣ ਵਿੱਚ ਸਫ਼ਲ ਰਹੀ।