ਹੁਸ਼ਿਆਰਪੁਰ : ਮਾਈਨਿੰਗ ਦੀਆਂ ਮਿਲ ਰਹੀਆਂ ਲਗਾਤਾਰ ਸ਼ਿਕਾਇਤਾਂ ਦੇ ਮੱਦੇਨਜਰ ਗੜ੍ਹਸ਼ੰਕਰ ਤੋਂ ਬੀਜੇਪੀ ਆਗੂ ਨਿਮਿਸ਼ਾ ਮਹਿਤਾ ਨੇ ਅੱਜ ਪਿੰਡ ਬੀਰਮਪੁਰ ਵਿੱਖੇ ਚੱਲ ਰਹੀ ਗੈਰਕਾਨੂੰਨੀ ਮਾਈਨਿੰਗ ਵਾਲੀ ਥਾਂ ਉੱਤੇ ਪਹੁੰਚ ਕੇ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਈਨਿੰਗ ਮਾਫੀਆ ਉੱਤੇ ਨਕੇਲ ਕਸਣ ਦੇ ਦਾਅਵੇ ਕਰ ਰਹੀ ਹੈ ਪਰ ਹਲਕਾ ਗੜ੍ਹਸ਼ੰਕਰ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦੀ ਮਿਲਿਭਗਤ ਨਾਲ ਗੈਰਕਾਨੂੰਨੀ ਤਰੀਕੇ ਨਾਲ 15 ਫੁੱਟ ਤੱਕ ਦੀ ਮਿੱਟੀ ਪੱਟਕੇ ਧੜੱਲੇ ਨਾਲ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।
ਕਈ ਵਾਰ ਕੀਤਾ ਅਧਿਕਾਰੀਆਂ ਨੂੰ ਸੂਚਿਤ : ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਦੇ ਕਾਰਨ ਇਲਾਕੇ ਦੀਆਂ ਸੜਕਾਂ, ਕੰਢੀ ਨਹਿਰ ਅਤੇ ਸੜਕਾਂ ਦੀ ਪੁਲਿਆਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਵਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਕਰ ਚੁੱਕੇ ਹਨ ਪਰ ਉਨ੍ਹਾਂ ਉੱਤੇ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਲਾਕੇ ਵਿੱਚ ਮਾਈਨਿੰਗ ਮਾਫੀਆ ਪੂਰੀ ਤਰ੍ਹਾਂ ਨਾਲ ਸਰਗਰਮ ਨਜ਼ਰ ਆ ਰਿਹਾ ਹੈ, ਜਿਸਦੇ ਕਾਰਨ ਆਮ ਜਨਤਾ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਨਿਮਿਸ਼ਾ ਮਹਿਤਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਲਾਕੇ ਦੇ ਵਿੱਚ ਨਾਜਾਇਜ਼ ਮਾਈਨਿੰਗ ਉੱਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈਕੇ ਉਹ ਵੱਡੇ ਪੱਧਰ ਉੱਤੇ ਸੰਗਰਸ਼ ਕਰਨਗੇ। ਇਸ ਸਬੰਧ ਵਿੱਚ ਮਾਈਨਿੰਗ ਵਿਭਾਗ ਦੇ ਐਸਡੀਓ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਕੁੱਝ ਸਮਾਂ ਪਹਿਲਾਂ ਹੀ ਗੜ੍ਹਸ਼ੰਕਰ ਦਾ ਚਾਰਜ਼ ਸੰਭਾਲਿਆ ਹੈ ਅਤੇ ਉਨ੍ਹਾਂ ਵੱਲੋਂ ਮਾਈਨਿੰਗ ਵਾਲੀ ਥਾਂ ਦਾ ਜਾਇਜ਼ਾ ਲੈਕੇ ਬਣਦੀ ਕਾਰਵਾਈ ਕੀਤੀ ਜਾਵੇਗੀ।