ਇਸ ਮੌਕੇ ਤੰਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ ਦੀ ਸਹੁੰ ਵੀ ਚੁਕਾਈ ਗਈ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਕਈ ਕਿਸਮ ਦੇ ਕੈਂਸਰ ਹੁੰਦੇ ਹਨ। ਜਿੰਨੀ ਛੋਟੀ ਉਮਰ 'ਚ ਇਸ ਦੀ ਵਰਤੋਂ ਸ਼ੁਰੂ ਕੀਤੀ ਜਾਵੇ ਉੰਨੇ ਹੀ ਇਸਦੇ ਨੁਕਸਾਨ ਜ਼ਿਆਦਾ ਹੋਣਗੇ ਤੇ ਇਸ ਨੂੰ ਛੱਡਣਾ ਉੰਨਾ ਹੀ ਮੁਸ਼ਕਲ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਨਾਲ ਸ਼ਰੀਰ ਦੇ ਕਈ ਅੰਗਾ ਦਾ ਕੈਂਸਰ ਹੋ ਜਾਂਦਾ ਹੈ ਜਿਵੇ ਕਿ ਮੂੰਹ, ਫੇਫੜੇ, ਗਲੇ ਅਤੇ ਖੁਰਾਕ ਨਾਲੀ ਆਦਿ। ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਨਜ਼ਰ ਦਾ ਘਟਣਾ, ਯਾਦ ਸ਼ਕਤੀ ਦੀ ਕਮਜ਼ੋਰੀ ਅਤੇ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਇਸ ਸਮੱਸਿਆ ਨਾਲ ਨਜਿੱਠਣ ਲਈ ਭਾਰਤ ਸਰਕਾਰ ਵੱਲੋਂ ਕੋਟਪਾ ਐਕਟ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਕੋਈ ਵੀ ਤੰਬਾਕੂ ਪਦਾਰਥ ਵੇਚਣ ਵਾਲੀ ਦੁਕਾਨ ਨਹੀਂ ਹੋ ਸਕਦੀ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਪਦਾਰਥ ਵੇਚਣ 'ਤੇ ਮਨਾਹੀ ਹੈ। ਜਨਤਕ ਥਾਂਵਾਂ 'ਤੇ ਤੰਬਾਕੂ ਨੋਸ਼ੀ ਕਰਨੀ ਮਨਾ ਹੈ ਜਿਸ ਦੀ ਉਲੰਘਣਾ ਕਰਨ ਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ।