Pollution In Punjab: ਇਹ ਸਾਲ ਦਾ ਉਹ ਸਮਾਂ ਹੈ, ਜਦੋਂ ਸ਼ਹਿਰਾਂ-ਪਿੰਡਾਂ ਵਿੱਚ ਰੌਸ਼ਨੀ ਹੁੰਦੀ ਹੈ ਅਤੇ ਹਵਾ ਵਿੱਚ ਹਲਕੀ-ਹਲਕੀ ਠੰਡ ਮਹਿਸੂਸ ਹੁੰਦੀ ਹੈ। ਸਰਦੀਆਂ ਦੇ ਨੇੜੇ ਆਉਣ ਨਾਲ ਦਿਨ ਛੋਟੇ ਹੁੰਦੇ ਜਾ ਰਹੇ ਹਨ, ਪਰ ਸਾਡੇ ਦੇਸ਼ ਵਿੱਚ ਇੱਕ ਚੀਜ਼ ਜੋ ਲਗਾਤਾਰ ਵੱਧ ਰਹੀ ਹੈ, ਉਹ ਹੈ ਪ੍ਰਦੂਸ਼ਣ ਦਾ ਪੱਧਰ।
ਜੀ ਹਾਂ...ਲੋਕਾਂ ਦੇ ਵੱਲੋਂ ਵੱਡੀ ਤਾਦਾਦ ਉਤੇ ਚਲਾਏ ਗਏ ਪਟਾਕੇ ਅਤੇ ਪਿਛਲੇ ਤਿੰਨ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਲਗਾਈ ਗਈ ਪਰਾਲੀ ਨੂੰ ਅੱਗ ਕਾਰਨ ਪੰਜਾਬ ਦਾ ਜ਼ਿਲ੍ਹਾ ਅੰਮ੍ਰਿਤਸਰ ਏਅਰ ਕੁਆਲਿਟੀ ਇੰਡੈਕਸ (AQI) ਵਿੱਚ 8ਵੇਂ ਨੰਬਰ ਉਤੇ ਦਰਜ ਕੀਤਾ ਗਿਆ ਹੈ।
ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਅੰਮ੍ਰਿਤਸਰ 166 ਨਾਲ ਦੇਸ਼ ਦੇ ਟੌਪ 10 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਦੇ ਸ਼ਾਮ ਤੱਕ ਅੰਮ੍ਰਿਤਸਰ ਦਾ ਏਅਰ ਕੁਆਲਿਟੀ ਇੰਡੈਕਸ (AQI) ਵੱਧ ਕੇ 350 ਹੋ ਗਿਆ ਸੀ, ਹਾਲਾਂਕਿ ਇਸ ਸਮੇਂ ਇਹ 166 ਹੈ। ਪ੍ਰਦੂਸ਼ਣ ਕਾਰਨ ਦਰਜ ਹੋਇਆ ਇਹ ਰਿਕਾਰਡ ਕਾਫੀ ਮਾੜਾ ਹੈ, ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਹੋਰ ਵੀ ਕਾਫੀ ਸ਼ਹਿਰ ਇਸ ਲਿਸਟ ਵਿੱਚ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਉੱਚ ਪ੍ਰਦੂਸ਼ਣ ਪੱਧਰਾਂ ਦੇ ਮਾੜੇ ਪ੍ਰਭਾਵ ਬਹੁਤ ਗੰਭੀਰ ਹੁੰਦੇ ਹਨ, ਜੋ ਸਾਹ ਅਤੇ ਕਾਰਡੀਓਵੈਸਕੁਲਰ ਬਿਮਾਰੀਆਂ ਨੂੰ ਵਧਾਉਂਦੇ ਹਨ। ਉੱਚ ਪ੍ਰਦੂਸ਼ਣ ਦੇ ਪੱਧਰਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਸਾਹ ਦੀਆਂ ਪੁਰਾਣੀਆਂ ਸਥਿਤੀਆਂ ਜਿਵੇਂ ਕਿ ਦਮਾ, ਬ੍ਰੌਨਕਾਈਟਸ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਹਾਲਾਂਕਿ ਇਹ ਪ੍ਰਦੂਸ਼ਣ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰ ਰਿਹਾ ਹੈ।
ਇਸ ਦੌਰਾਨ ਜਦੋਂ ਅਸੀਂ ਇਸ ਸੰਬੰਧੀ ਸਮਾਜ ਸੇਵਕ ਇੰਜੀਨੀਅਰ ਪਵਨ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਪ੍ਰਦੂਸ਼ਣ ਇਕੱਲਾ ਦੀਵਾਲੀ ਦੇ ਪਟਾਕੇ ਜਾਂ ਕਿਸਾਨਾਂ ਦੀ ਪਰਾਲੀ ਸਾੜਨ ਦੇ ਨਾਲ ਹੀ ਨਹੀਂ ਹੋ ਰਿਹਾ ਸਗੋਂ ਵੱਧ ਰਹੀ ਵਾਹਨਾਂ ਅਤੇ ਫੈਕਟਰੀਆਂ ਦੇ ਪ੍ਰਦੂਸ਼ਣ ਦੇ ਕਾਰਨ ਵੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ।
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਤੁਸੀਂ ਵੇਖ ਸਕਦੇ ਹੋ ਕਿ ਅਸਮਾਨ ਵਿੱਚ ਕਿਤੇ ਵੀ ਪੰਛੀ ਉੱਡਦੇ ਹੋਏ ਨਜ਼ਰ ਨਹੀਂ ਆ ਰਹੇ ਹਨ, ਉਨ੍ਹਾਂ ਦੀ ਸਿਹਤ ਲਈ ਵੀ ਇਹ ਪ੍ਰਦੂਸ਼ਣ ਕਾਫੀ ਖਤਰਨਾਕ ਸਾਬਿਤ ਹੋ ਰਿਹਾ ਹੈ, ਜੇਕਰ ਗੱਲ ਕੀਤੀ ਜਾਵੇ ਛੋਟੇ ਬੱਚਿਆਂ ਦੀ ਜਾਂ ਬਜ਼ੁਰਗਾਂ ਜਾਂ ਫਿਰ ਗਰਭਵਤੀ ਔਰਤਾਂ ਦੀ ਤਾਂ ਇਹ ਪ੍ਰਦੂਸ਼ਣ ਸਾਹ ਦੀਆਂ ਬਿਮਾਰੀਆਂ ਦੇ ਲੋਕਾਂ ਲਈ ਅਤੇ ਦਮੇ ਦੇ ਮਰੀਜ਼ਾਂ ਦੇ ਲਈ ਬਹੁਤ ਹੀ ਹਾਨੀਕਾਰਕ ਸਾਬਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਸਮੇਂ ਅੰਮ੍ਰਿਤਸਰ ਵਿੱਚ ਲੋਕਾਂ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਆ ਰਹੀ ਹੈ।
ਇਹ ਵੀ ਪੜ੍ਹੋ: