ਫ਼ਿਰੋਜ਼ਪੁਰ: ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਰਕਾਰੀ ਕੰਨਿਆ ਸਕੂਲ ਵਿੱਚ ਛੇਵੀਂ ਕਲਾਸ 'ਚ ਪੜਦੀ ਇੱਕ ਛੋਟੇ ਕਦ ਦੀ ਵਿਦਿਆਰਥਣ ਖੁਸ਼ੀ ਨੂੰ ਇੱਕ ਦਿਨ ਲਈ ਸਕੂਲ ਦੀ ਪ੍ਰਿੰਸੀਪਲ ਬਣਾ ਕੇ ਉਸ ਦਾ ਸੁਪਨਾ ਪੂਰਾ ਕੀਤਾ ਹੈ। ਖੁਸ਼ੀ ਨੇ ਸਕੂਲ ਦੀ ਪ੍ਰਿੰਸੀਪਲ ਬਣਨ 'ਤੇ ਆਪਣੀ ਖੁਸ਼ੀ ਜਾਹਿਰ ਕੀਤੀ ਹੈ। ਇਸ ਦੇ ਲਈ ਖੁਸ਼ੀ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਵੀ ਧੰਨਵਾਦ ਕੀਤਾ ਹੈ। ਖੁਸ਼ੀ ਨੇ ਵਿਧਾਇਕ ਨੂੰ ਆਪਣੇ ਨਾਲ ਪੂਰੇ ਸਕੂਲ ਦਾ ਮੁਆਇਨਾ ਵੀ ਕਰਵਾਇਆ। ਇਸ ਮੌਕੇ ਖੁਸ਼ੀ ਨੇ ਪਰਮਿੰਦਰ ਸਿੰਘ ਪਿੰਕੀ ਨੂੰ ਸਕੂਲ ਵਿੱਚ ਪਏ ਅਧੁੂਰੇ ਕੰਮਾਂ ਨੂੰ ਕਰਵਾਉਣ ਦੀ ਗੁਜਾਰਿਸ਼ ਕੀਤੀ ਹੈ।
ਵਿਧਾਇਕ ਪਿੰਕੀ ਨੇ ਕਿਹਾ ਕਿ ਉਹ ਪਿਛਲੇ ਦਿਨੀ ਇੱਕ ਸਮਾਰਟ ਸਕੂਲ ਦਾ ਉਦਘਾਟਨ ਕਰਨ ਆਏ ਸਨ ਉਸ ਸਮੇਂ ਉਨ੍ਹਾਂ ਇਸ ਨੂੰ ਦੇਖਿਆ ਤਾਂ ਇਸ ਨਾਲ ਗੱਲ ਕੀਤੀ ਸੀ। ਉਸ ਦੌਰਾਨ ਇਸ ਕੁੜੀ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਹਨ ਜੋ ਆਪਣੀ ਮਾਂ ਨਾਲ ਰਹਿੰਦੀਆਂ ਹਨ। ਉਸ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਸਕੂਲ ਦੀ ਪ੍ਰਿੰਸੀਪਲ ਬਣਨਾ ਚਾਹੁੰਦੀ ਹੈ ਜਿਸ ਤੋਂ ਬਾਅਦ ਵਿਧਾਇਕ ਪਿੰਕੀ ਨੇ ਖੁਸ਼ੀ ਨੂੰ ਇੱਕ ਦਿਨ ਦੀ ਪ੍ਰਿੰਸੀਪਲ ਬਣਾ ਕੇ ਉਸ ਦਾ ਸੁਪਨਾ ਪੂਰਾ ਕੀਤਾ ਹੈ। ਇਸ ਮੌਕੇ ਪਿੰਕੀ ਨੇ ਖੁਸ਼ੀ ਦੇ ਨਾਂਅ 51 ਹਜ਼ਾਰ ਰੁਪਏ ਦੀ ਐਫ.ਡੀ ਵੀ ਕਰਵਾਈ। ਪਿੰਕੀ ਨੇ ਕਿਹਾ ਕਿ ਭਵਿਖ ਵਿੱਚ ਇਸ ਨੂੰ ਕੋਈ ਕਮੀ ਨਾ ਆਵੇ ਇਸ ਲਈ ਇਸ ਦੀ ਪੜ੍ਹਾਈ ਵੀ ਉਹ ਖ਼ੁਦ ਕਰਵਾਉਣਗੇ।