ਫਾਜ਼ਿਲਕਾ: ਲੁੱਟ ਦੀ ਯੋਜਨਾ ਬਣਾ ਰਹੇ 4 ਲੁਟੇਰਿਆਂ ਨੂੰ ਕਾਬੂ ਕਰਕੇ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮਿਲੀ ਸੂਚਨਾ ਮੁਤਾਬਕ ਸਲੇਮ ਸ਼ਾਹ ਰੋਡ ਉੱਤੇ ਸਥਿਤ ਲਾਲ ਕਿਲੇ ਦੇ ਨੇੜੇ ਰੇਡ ਕਰਨ 'ਤੇ ਪੁਲਿਸ ਨੇ 4 ਲੁਟੇਰਿਆਂ ਨੂੰ ਗਿਰਫ਼ਤਾਰ ਕੀਤਾ ਹੈ। ਇਸ ਦੌਰਾਨ ਇਨ੍ਹਾਂ 4 ਲੁਟੇਰਿਆਂ ਦੇ 2 ਸਾਥੀ ਮੌਕੇ ਤੋਂ ਭੱਜਣ 'ਚ ਕਾਮਯਾਬ ਰਹੇ। ਪੁਲਿਸ ਨੇ ਇਨ੍ਹਾਂ ਲੁਟੇਰਿਆਂ ਤੋਂ 3 ਮੋਬਾਈਲ ਫ਼ੋਨ, 1 ਚਾਕੂ, 2 ਰਾਡਾਂ, 1 ਪਿਸਟਲ ਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਦੱਸਣਯੋਗ ਹੈ ਕਿ ਇਹ ਲੁਟੇਰਾ ਗਿਰੋਹ ਕਰੀਬ ਇੱਕ ਮਹੀਨਾ ਪਹਿਲਾਂ ਵੀ ਸਿਧਵਾਂ ਬੇਟ ਵਿੱਚ ਇੱਕ ਏ.ਟੀ.ਐਮ. ਤੋਂ ਲਗਭਗ 16 ਲੱਖ 50 ਹਜ਼ਾਰ ਰੁਪਏ ਦੀ ਲੁੱਟ ਕਰ ਚੁੱਕੇ ਹਨ। ਫਾਜ਼ਿਲਕਾ ਸਬ-ਡਿਵੀਜ਼ਨ ਦੇ ਡੀ.ਐਸ.ਪੀ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਸਦਰ ਥਾਣੇ ਅਧੀਨ ਲਾਲ ਕਿਲੇ ਦੇ ਕੋਲ ਇਨ੍ਹਾਂ ਦੇ ਛੁਪੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਉੱਤੇ ਪੁਲਿਸ ਨੇ ਰੇਡ ਕਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ, ਜਦ ਕਿ ਦੋ ਭੱਜਣ ਵਿੱਚ ਕਾਮਯਾਬ ਹੋ ਗਏ।