ਸ੍ਰੀ ਫਤਿਹਗੜ੍ਹ ਸਾਹਿਬ: ਜਿੱਥੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਮੀਂਹ ਪੈਣ ਨਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਮੇਨ ਬਾਜ਼ਾਰ ਦੇ ਵਿੱਚ ਪਾਣੀ ਜਮ੍ਹਾ ਹੋ ਗਿਆ, ਜਿਸ ਦੇ ਨਾਲ ਇੱਥੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੀ ਨਗਰ ਕੌਂਸਲ ਵੱਲੋਂ ਬਾਜ਼ਾਰ ਦੇ ਵਿੱਚ ਸੀਵਰੇਜ ਤਾਂ ਕੁਝ ਦਿਨ ਪਹਿਲਾਂ ਹੀ ਪਾਈ ਗਈ ਸੀ ਪਰ ਮੀਂਹ ਪੈਣ ਨਾਲ ਬਾਜ਼ਾਰ ਦੇ ਵਿੱਚ ਫਿਰ ਪਾਣੀ ਖੜ੍ਹ ਗਿਆ ਹੈ, ਜਿਸ ਕਾਰਨ ਬਹੁਤ ਮੁਸ਼ਕਿਲ ਆ ਰਹੀਆਂ ਹਨ।
ਦੁਕਾਨਦਾਰਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਪਾਣੀ ਖੜ੍ਹਣ ਦੇ ਨਾਲ ਉਨ੍ਹਾਂ ਦੇ ਕੋਲ ਕੋਈ ਸਾਮਾਨ ਲੈਣ ਦੇ ਲਈ ਵੀ ਨਹੀਂ ਆ ਰਿਹਾ। ਲੋਕਾਂ ਦਾ ਕਹਿਣਾ ਸੀ ਕਿ ਮੰਡੀ ਗੋਬਿੰਦਗੜ੍ਹ ਦੀ ਨਗਰ ਕੌਂਸਲ ਪੰਜਾਬ ਦੀਆਂ ਅਮੀਰ ਨਗਰ ਕੌਂਸਲਾਂ ਦੇ ਵਿੱਚ ਆਉਂਦੀ ਹੈ ਪਰ ਉਨ੍ਹਾਂ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ। ਲੋਕਾਂ ਨੇ ਮੰਗ ਕੀਤੀ ਕਿ ਜਿਸ ਠੇਕੇਦਾਰ ਵੱਲੋਂ ਸੀਵਰੇਜ ਪਾਉਣ ਦਾ ਕੰਮ ਕੀਤਾ ਗਿਆ ਹੈ, ਉਸ ਤੋਂ ਜਵਾਬ ਮੰਗਿਆ ਜਾਵੇ।