ਫ਼ਤਹਿਗੜ੍ਹ ਸਾਹਿਬ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰੇਕ ਵਿਅਕਤੀ ਅਤੇ ਵਰਗ ਵੱਲੋਂ ਆਪਣੇ ਵੱਲੋਂ ਬਣਦਾ ਯੋਗਦਾਨ ਅਦਾ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕਰਕੇ ਕਿਸਾਨਾਂ ਨੂੰ ਹਮਾਇਤ ਦਿੱਤੀ ਜਾ ਰਹੀ ਹੈ। ਇਸ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਅਤੇ ਹੋਰ ਲੋਕਾਂ ਨੂੰ ਵੱਧ ਤੋਂ ਵੱਧ ਕਿਸਾਨੀ ਸੰਘਰਸ਼ ਨਾਲ ਜੋੜਣ ਦੇ ਮਨੋਰਥ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਿੱਲਾ ਤੇਜਾ ਤੋਂ ਦੌੜ ਲਗਾ ਕੇ ਆ ਰਿਹਾ ਨੌਜਵਾਨ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਿਆ।
ਜਿੱਥੇ ਇਸ ਨੌਜਵਾਨ ਰਮਿੰਦਰ ਸਿੰਘ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਦੁਆਰਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਨੌਜਵਾਨ ਰਮਿੰਦਰ ਸਿੰਘ ਦੇ ਨਾਲ ਇਸੇ ਦਾ ਸਾਥੀ ਜ਼ੋਰਾਵਰ ਸਿੰਘ ਵੀ ਪਰਮਿੰਦਰ ਸਿੰਘ ਤੋਂ ਪ੍ਰੇਰਿਤ ਹੋ ਕੇ ਸਾਇਕਲ ਤੇ ਦਿੱਲੀ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ 6 ਮੈਂਬਰੀ ਟੀਮ ਇਸ ਨਾਲ ਚੱਲ ਰਹੀ ਹੈ।
ਦੌੜਾਕ ਹਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਸ ਦਾ ਪੰਜਵਾਂ ਦਿਨ ਹੈ ਅਤੇ ਦਿਨ ਵਿੱਚ ਉਹ ਲਗਪਗ ਪੰਜਾਹ ਕਿਲੋਮੀਟਰ ਦੌੜ ਲਗਾਉਂਦਾ ਹੈ ਅਤੇ ਦਸ ਦਿਨ ਦਿਨਾਂ ਵਿੱਚ ਉਹ ਦਿੱਲੀ ਕਿਸਾਨ ਸੰਘਰਸ਼ ਮੋਰਚੇ ਵਿੱਚ ਸ਼ਾਮਲ ਹੋ ਜਾਵੇਗਾ। ਨੌਜਵਾਨ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਕਿਸਾਨ ਸੰਘਰਸ਼ ਮੋਰਚੇ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਹੈ।
ਨੌਜਵਾਨਾਂ ਦੇ ਇਸ ਉੱਦਮ ਦੀ ਫ਼ਤਹਿਗੜ੍ਹ ਸਾਹਿਬ ਦੇ ਨਿਵਾਸੀਆਂ ਵੱਲੋਂ ਵੀ ਕਾਫੀ ਸਰਾਹਨਾ ਕੀਤੀ ਜਾ ਰਹੀ ਹੈ।