ਫ਼ਤਿਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਦਹਿਸ਼ਤ ਦਾ ਮਹੌਲ ਹੈ। ਸਾਰੀਆਂ ਸਰਕਾਰਾਂ ਇਸ ਤੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਵਿੱ ਲੱਗੀਆਂ ਹੋਈਆਂ ਹਨ। ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿੱਥੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ, ਉੱਥੇ ਵੱਖ-ਵੱਖ ਸੰਸਥਾਵਾਂ ਇਸ ਜੰਗ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ। ਸਾਰੀ ਦੁਨੀਆਂ ਵਿੱਚ ਇਸ ਬਿਮਾਰੀ ਦੇ ਖਾਤਮੇ ਤੇ ਲੋਕਾਂ ਦੀ ਮਦਦ ਵਿੱਚ ਅਹਿਮ ਰੋਲ ਨਿਭਾਅ ਰਹੀ ਕੌਮਾਂਤਰੀ ਸੰਸਥਾ ਖ਼ਾਲਸਾ ਏਡ ਨੇ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਨੂੰ 90 ਪੀ.ਪੀ.ਈ. ਕਿੱਟਾਂ ਭੇਜੀਆਂ ਹਨ, ਜੋ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੂੂੰ ਦਿੱਤੀਆਂ।
ਇਸ ਉਪਰਾਲੇ ਲਈ ਖ਼ਾਲਸਾ ਏਡ ਦਾ ਧੰਨਵਾਦ ਕਰਦਿਆਂ ਵਿਧਾਇਕ ਸ. ਨਾਗਰਾ ਨੇ ਕਿਹਾ ਕਿ ਖ਼ਾਲਸਾ ਏਡ ਪੂਰੀ ਦੁਨੀਆਂ ਵਿੱਚ ਲੋੜਵੰਦਾਂ ਦੀ ਮਦਦ ਕਰਦੀ ਹੈ। ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਉਤੇ ਚੱਲਦਿਆਂ ਖ਼ਾਲਸਾ ਏਡ ਦੇ ਮੈਂਬਰ ਜਿਥੇ ਵੀ ਕਿਤੇ ਕੋਈ ਭੀੜ ਪੈਂਦੀ ਹੈ, ਉਥੇ ਪੁੱਜ ਕੇ ਲੋਕਾਂ ਦੀ ਬਾਂਹ ਫੜਦੇ ਹਨ।ਉਨ੍ਹਾਂ ਕਿਹਾ ਕਿ ਖ਼ਾਲਸਾ ਏਡ ਵੱਲੋਂ ਕੀਤੇ ਜਾ ਰਹੇ ਉਪਰਾਲੇ ਕੋਰੋਨਾ ਖ਼ਿਲਾਫ਼ ਜੰਗ ਵਿੱਚ ਸਹਾਈ ਸਿੱਧ ਹੋਣਗੇ।
ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਤੇ ਇਸ ਦੇ ਖ਼ਾਤਮੇ ਲਈ ਦਿਨ ਰਾਤ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਲੋੜੀਂਦੀਆਂ ਚੀਜ਼ਾਂ ਲੋਕਾਂ ਦੇ ਘਰਾਂ ਤੱਕ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਲੋੜਵੰਦਾਂ ਤੱਕ ਤਿਆਰ ਖਾਣਾ ਨਿਰੰਤਰ ਪੁੱਜਦਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ, ਜੋ ਕਿ ਸ਼ਲਾਘਾਯੋਗ ਹੈ।
ਹਲਕਾ ਵਿਧਾਇਕ ਨੇ ਇਸ ਔਖੀ ਘੜੀ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।