ਫ਼ਰੀਦਕੋਟ: ਜ਼ਿਲ੍ਹੇ ਦੇ "ਨਹਿਰੂ ਸਟੇਡੀਅਮ" ਵਿਚ ਅੱਜ ਯੂਥ ਅਕਾਲੀ ਦਲ ਫਰੀਦਕੋਟ ਦੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਗੁਰਕਵਲਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਅਤੇ ਸਟੇਡੀਅਮ ਨੂੰ ਸਾਫ ਕਰਨ ਦਾ ਉਪਰਾਲਾ ਕੀਤਾ। ਜ਼ਿਕਰਯੋਗ ਹੈ ਕਿ ਫ਼ਰੀਦਕੋਟ ਦੇ ਆਮ ਲੋਕਾਂ ਅਤੇ ਖੇਡ ਪ੍ਰੇਮੀਆਂ ਲਈ ਇਹ ਇਕਲੌਤਾ ਖੇਡ ਸਟੇਡੀਅਮ ਹੀ ਸਵੇਰ ਦੀ ਸੈਰ ਅਤੇ ਪ੍ਰੈਕਟਿਸ ਦਾ ਪ੍ਰਮੁੱਖ ਸਥਾਨ ਹੈ ਪਰ ਵਿਭਾਗੀ ਅਧਿਕਾਰੀਆਂ ਦੀ ਕਥਿਤ ਅਣਗਹਿਲੀ ਜਾਂ ਲਾਪਰਵਾਹੀ ਦੇ ਚੱਲਦੇ ਇਸ ਵਿੱਚ ਜਿਥੇ ਮੁਢਲੀਆਂ ਸਹੂਲਤਾਂ ਦੀ ਘਾਟ ਹੈ ਉਥੇ ਹੀ ਇਸ ਦੀ ਸਾਫ਼ ਸਫ਼ਾਈ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ। ਇਸੇ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਵਲੰਟੀਅਰਾਂ ਨੇ ਇਸ ਸਟੇਡੀਅਮ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ ਅਤੇ ਕੰਮ ਸ਼ੁਰੂ ਕੀਤਾ।
ਇਸ ਮੌਕੇ ਯੂਥ ਅਕਾਲੀ ਦਲ ਦੇ ਵਲੰਟੀਅਰਾਂ ਦਾ ਹੌਂਸਲਾ ਅਫ਼ਜਾਈ ਕਰਨ ਲਈ ਪਹੁੰਚੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ਼ ਸਿੰਘ ਰੋਮਾਣਾ ਨੇ ਜਿਥੇ ਯੂਥ ਅਕਾਲੀ ਦਲ ਦੇ ਵਲੰਟੀਅਰਾਂ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਟੇਡੀਅਮ ਦੀ ਸਾਫ਼ ਸਫ਼ਾਈ ਅਤੇ ਰੱਖ ਰਖਾਵ ਵੱਲ ਧਿਆਨ ਨਾ ਦੇਣ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਜੇਕਰ ਖੁਦ ਇਸ ਸਟੇਡੀਅਮ ਦੀ ਦੇਖ ਭਾਲ ਨਹੀਂ ਕਰ ਸਕਦਾ ਤਾਂ ਇਸ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਯੂਥ ਅਕਾਲੀ ਦਲ ਨੂੰ ਦੇਵੇ। ਅਕਾਲੀ ਦਲ ਆਪਣੇ ਖਰਚੇ 'ਤੇ ਇਸ ਸਟੇਡੀਅਮ ਦੀ ਸਾਂਭ ਸੰਭਾਲ ਕਰੇਗਾ।