ਫ਼ਰੀਦਕੋਟ: ਦੇਸ਼ ਦੀ ਸਰਵ ਉੱਚ ਅਦਾਲਤ ਨੇ ਅੱਜ ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰ ਕਾਨੂੰਨੀ ਮੰਨਦਿਆਂ ਇਸ ਵਸੀਅਤ ਦੇ ਆਧਾਰ ਉੱਤੇ ਬਣੇ ਟਰੱਸਟ ਨੂੰ ਭੰਗ ਕਰਨ ਦੇ ਫੈਸਲੇ ਉੱਤੇ ਮੋਹਰ ਲਾਈ ਹੈ। ਇਸ ਦੇ ਨਾਲ ਹੀ, ਫ਼ਰੀਦਕੋਟ ਰਿਆਸਤ ਦੀ ਕੁੱਲ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ।
ਦੱਸ ਦਈਏ ਕਿ ਲਗਭਗ 20-25 ਹਜ਼ਾਰ ਕਰੋੜ ਤੋਂ ਵੱਧ ਦੀ ਜਾਇਦਾਦ ਹੁਣ ਤੱਕ ਮਹਾਰਾਵਲ ਖੇਵਾ ਜੀ ਟਰੱਸਟ ਸਾਂਭ ਰਿਹਾ ਸੀ। 30 ਸਤੰਬਰ ਤੋਂ ਬਾਅਦ ਮਹਾਰਾਵਲ ਖੀਵਾਜੀ ਟਰੱਸਟ ਦੀ ਹੋਂਦ ਖ਼ਤਮ ਹੋ ਜਾਵੇਗੀ ਅਤੇ ਕੁੱਲ ਜਾਇਦਾਦ ਸ਼ਾਹੀ ਪਰਿਵਾਰ ਵਿੱਚ ਵੰਡਣ ਪ੍ਰਕਿਰਿਆ ਆਰੰਭ ਹੋਵੇਗੀ। ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀਆਂ ਦੋਵੇਂ ਲੜਕੀਆਂ ਹੀ ਇਸ ਜਾਇਦਾਦ ਦੀਆਂ ਵਾਰਸ ਹੋਣਗੀਆਂ।
ਜ਼ਿਕਰਯੋਗ ਹੈ ਕਿ ਇਹ ਆਲੀਸ਼ਾਨ ਮਹਿਲ ਸੰਨ 1880-85 ਵਿੱਚ ਟਿੱਕਾ ਰਾਜਾ ਬਲਵਿੰਦਰ ਸਿੰਘ ਨੇ ਬਣਾਇਆ ਸੀ। ਰਾਜਾ ਬਲਬੀਰ ਸਿੰਘ ਪਹਿਲੇ ਰਾਜਾ ਸੀ, ਜਿਨ੍ਹਾਂ ਨੇ ਕਿੱਲਾ ਛੱਡ ਇੱਥੇ ਰਹਿਣਾ ਸ਼ੁਰੂ ਕੀਤਾ ਹੈ। ਇਹ ਮਹਿਲ ਫਰਾਂਸੀਸ ਨਮੂਨੇ ਉੱਤੇ ਆਧਾਰਿਤ ਹੈ। ਇਸ ਦੀ ਇਮਾਰਤ ਇੱਟਾਂ ਅਤੇ ਚੂਨੇ ਦੀ ਬਣੀ ਹੋਈ ਹੈ। ਸੰਨ 1910 ਤੱਕ ਇਸ ਦਾ ਰਸਤਾ ਅੱਜ ਕੱਲ ਦੀ ਕਾਲਜ ਰੋਡ ਸਥਿਤ ਬਲਬੀਰ ਹਸਪਤਾਲ ਵਿੱਚੋਂ ਸੀ ਅਤੇ ਡਿਊੜੀ ਅਖਵਾਉਂਦਾ ਸੀ। ਇਸ ਮਹਿਲ ਵਿੱਚ 37 ਕਮਰੇ, ਇਕ ਵੱਡਾ ਸਵਿਮਪੂਲ, ਛੋਟਾ ਸਵਿਮਪੂਲ (ਬੱਚਿਆਂ ਲਈ) ਅਤੇ ਇਕ ਵੱਡਾ ਗੁਰਦੁਆਰਾ ਸਾਹਿਬ ਹੈ। ਦੱਸ ਦਈਏ ਕਿ ਇੱਥੇ ਕੋਈ ਏ.ਸੀ. ਨਹੀਂ ਹੈ, ਪਰ ਫਿਰ ਵੀ ਇਮਾਰਤ ਕੁਦਰਤੀ ਤੌਰ ਉੱਤੇ ਠੰਡੀ ਰਹਿੰਦੀ ਹੈ।
ਇਹ ਸਥਾਨ ਫਰੀਦਕੋਟ ਦੇ ਸ਼ਾਹੀ ਘਰਾਣੇ ਦਾ ਮੂਲ ਨਿਵਾਸ ਹੈ। ਇਸ ਵਿੱਚ 200 ਤੋਂ ਵੀ ਵੱਧ ਛਾਂ ਦਾਰ ਰੁੱਖ ਹਨ, ਜਿਨ੍ਹਾਂ ਵਿੱਚੋਂ ਕਈ ਰੁੱਖ ਸੌ ਸਾਲ ਵੱਧ ਉਮਰ ਦੇ ਹਨ। ਇੱਥੇ ਮੋਰ ਅਤੇ ਪੰਛੀਆਂ ਦੀਆਂ ਆਵਾਜ਼ ਬੇਹਦ ਸੁਕੂਨ ਦਿੰਦੀਆਂ ਹਨ।
ਕਿਲ੍ਹਾ ਮੁਬਾਰਕ ਦਾ ਇਤਿਹਾਸ: ਇਸ ਕਿਲ੍ਹੇ ਦਾ ਇਤਿਹਾਸ ਬਾਰਵੀਂ ਸਦੀ ਨਾਲ ਜੁੜਿਆ ਹੋਇਆ ਹੈ। 12ਵੀਂ ਸਦੀ ਦੇ ਅੰਤ ਵਿੱਚ ਇਸ ਕਿਲ੍ਹੇ ਦਾ ਨਾਮ ਇੱਥੋ ਦੇ ਚੌਧਰੀ ਮੋਹਕਲ ਦੇਵ ਦੇ ਨਾਮ ਉੱਤੇ ਮੋਹਕਲ ਨਗਰ ਜਾਂ ਮੋਹਕਲ ਹਰ ਸੀ। ਬਾਬਾ ਫ਼ਰੀਦ ਦੇ ਚਰਨ ਪਾਉਣ ਤੋਂ ਬਾਅਦ ਚੌਧਰੀ ਨੇ ਇਸ ਦਾ ਨਾਮ ਬਾਬਾ ਫ਼ਰੀਦ ਜੀ ਦੇ ਨਾਮ 'ਤੇ ਰੱਖ ਦਿੱਤਾ। ਅੱਜ ਦੇ ਰੂਪ ਵਿੱਚ ਇਸ ਦੀ ਉਸਾਰੀ 1732 ਵਿੱਚ ਚੌਧਰੀ ਹਮੀਰ ਸਿੰਘ ਨੇ ਕੀਤੀ। ਇਹ ਕਿਲ੍ਹਾ ਤਕਰੀਬਨ 14 ਏਕੜ ਵਿੱਚ ਫੈਲਿਆ ਹੈ। 1898 ਤੱਕ ਸ਼ਾਹੀ ਘਰਾਣੇ ਦਾ ਨਿਵਾਸ ਇਸੇ ਵਿੱਚ ਸੀ। ਇਸ ਕਿਲ੍ਹੇ ਅੰਦਰ ਡਿਊੜੀ ਅਤੇ ਸ਼ੀਸ਼ ਮਹਿਲ, ਮੋਤੀ ਮਹਿਲ, ਗੁਰਦੁਆਰਾ ਸਾਹਿਬ, ਦਰਬਾਰ ਹਾਲ ਕੰਪਲੈਕਸ, ਮਨੀ ਮਾਜਰਾ ਹਵੇਲੀ ਅਤੇ ਸ਼ਤ ਮਹਿਲ ਇਮਾਰਤਾਂ ਹਨ।
ਇਹ ਵੀ ਪੜ੍ਹੋ: CM ਮਾਨ ਵੱਲੋਂ ਟੈਕਸਟਾਈਲ ਪਾਰਕ ਦੀ ਸਥਾਪਨਾ ਲਈ ਫਤਿਹਗੜ੍ਹ ਸਾਹਿਬ ਵਿੱਚ 1000 ਏਕੜ ਜ਼ਮੀਨ ਦੀ ਪੇਸ਼ਕਸ਼