ਫਰੀਦਕੋਟ: ਪਿਛਲੇ ਦਿਨੀਂ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ 'ਚ ਕੁਝ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਾਫ਼ਲੇ ਦਾ ਵਿਰੋਧ ਕੀਤਾ ਗਿਆ ਸੀ, ਜਿਸ 'ਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਵਿਰੋਧ ਕਰਨ ਵਾਲਿਆਂ ਵਲੋਂ ਸੁਖਬੀਰ ਬਾਦਲ ਦੇ ਕਾਫ਼ਲੇ 'ਤੇ ਪਥਰਾਅ ਕੀਤਾ ਗਿਆ, ਜਿਸ ਤੋਂ ਬਾਅਦ ਕੁਝ ਅਕਾਲੀ ਆਗੂਆਂ ਅਤੇ ਵਿਰੋਧ ਕਰਨ ਵਾਲਿਆਂ 'ਚ ਲੜਾਈ ਵੀ ਹੋਈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ।
ਪੁਲਿਸ ਵਲੋਂ ਛੇ ਲੋਕਾਂ 'ਤੇ ਪਰਚਾ: ਉਸ ਵੀਡੀਓ ਅਤੇ ਲੜਾਈ 'ਚ ਜ਼ਖ਼ਮੀ ਹੋਏ ਵਿਅਕਤੀ ਦੇ ਬਿਆਨਾਂ ਦੇ ਅਧਾਰ 'ਤੇ ਹੀ ਪੰਜਾਬ ਪੁਲਿਸ ਵਲੋਂ ਕਾਰਵਾਈ ਕੀਤੀ ਗਈ ਹੈ, ਜਿਸ 'ਚ ਫਰੀਦਕੋਟ ਪੁਲਿਸ ਵਲੋਂ ਕੁੱਟਮਾਰ 'ਚ ਜ਼ਖ਼ਮੀ ਹੋਏ ਮੰਗਲ ਸਿੰਘ ਨਾਮ ਦੇ ਵਿਅਕਤੀ ਦੇ ਬਿਆਨਾਂ 'ਤੇ ਥਾਣਾ ਸਾਦਿਕ 'ਚ ਚਾਰ ਅਕਾਲੀ ਆਗੂਆਂ ਸਣੇ 6 ਲੋਕਾਂ 'ਤੇ IPC 341,323, ਅਤੇ 506 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਪਿੰਡ ਦੀਪ ਸਿੰਘ ਵਾਲਾ 'ਚ ਹੋਇਆ ਸੀ ਵਿਰੋਧ: ਦੱਸ ਦਈਏ ਕਿ ਪਿਛਲੇ ਦਿਨੀਂ ਫਰੀਦਕੋਟ 'ਚ ਆਪਣੀ ਪੇਸ਼ੀ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਹਲਕੇ ਦੇ ਪਿੰਡਾਂ 'ਚ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਸੀ ਤਾਂ ਇਸ ਦੌਰਾਨ ਜਦੋਂ ਉਹ ਪਿੰਡ ਦੀਪ ਸਿੰਘ ਵਾਲਾ 'ਚ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਦੇ ਘਰ ਅਫ਼ਸੋਸ ਲਈ ਗਏ ਸੀ ਤਾਂ ਕੁਝ ਪਿੰਡ ਦੇ ਹੀ ਲੋਕਾਂ ਵਲੋਂ ਸੁਖਬੀਰ ਬਾਦਲ ਦੇ ਕਾਫ਼ਲੇ ਦਾ ਵਿਰੋਧ ਕੀਤਾ ਗਿਆ ਸੀ ਤਾਂ ਇਸ ਦੌਰਾਨ ਅਕਾਲੀ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ 'ਚ ਹੋਈ ਝੜਪ ਦੀ ਵੀਡੀਓ ਵੀ ਸਾਹਮਣੇ ਆਈ ਸੀ।
ਅਕਾਲੀ ਵਰਕਰਾਂ 'ਤੇ ਗੁੰਡਾਗਰਦੀ ਦੇ ਲਾਏ ਸੀ ਦੋਸ਼: ਇਸ ਸਬੰਧੀ ਗੱਲਬਾਤ ਕਰਦਿਆਂ ਨੌਜਵਾਨ ਭਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਨੇ ਉਦੋਂ ਦੱਸਿਆ ਸੀ ਕਿ ਉਹ ਆਪਣੇ ਸਾਥੀਆਂ ਸਮੇਤ ਫਰੀਦਕੋਟ ਅਦਾਲਤ ਵਿਚ ਤਰੀਕ 'ਤੇ ਆਇਆ ਹੋਇਆ ਸੀ, ਜਿਥੋਂ ਫਰੀਦਕੋਟ ਦੇ ਡੀਐਸਪੀ ਰੈਂਕ ਦੇ ਇਕ ਅਧਿਕਾਰੀ ਨੇ ਉਸ ਨੂੰ ਇਕ ਹੋਰ ਸਾਥੀ ਸਮੇਤ ਇਹ ਕਹਿ ਕਿ ਗ੍ਰਿਫਤਾਰ ਕਰ ਲਿਆ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰੋਗੇ। ਉਹਨਾਂ ਦੱਸਿਆ ਸੀ ਕਿ ਜਦ ਉਹਨਾਂ ਨੂੰ ਹਿਰਾਸਤ ਵਿੱਚ ਲਏ ਜਾਣ ਬਾਰੇ ਪਿੰਡ ਵਿੱਚ ਪਤਾ ਚੱਲਿਆ ਤਾਂ ਲੋਕ ਇਕੱਠੇ ਹੋ ਰਹੇ ਸਨ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਪਿੰਡ ਦੀਪ ਸਿੰਘ ਵਾਲਾ ਪਹੁੰਚ ਗਏ ਅਤੇ ਉਹਨਾਂ ਦੇ ਨਾਲ ਆਏ ਅਕਾਲੀਆਂ ਨੇ ਪਿੰਡ ਦੇ ਨੌਜਵਾਨਾਂ ਨਾਲ ਗੁੰਡਾਗਰਦੀ ਕਰਦੇ ਹੋਏ ਕੁੱਟਮਾਰ ਕੀਤੀ। ਜਿਸ ਵਿਚ ਇਕ ਨੌਜਵਾਨ ਦੇ ਕੱਪੜੇ ਪਾੜਨ ਦਾ ਇਲਜ਼ਾਮ ਸੀ ਤਾਂ ਦੂਸਰੇ ਨੌਜਵਾਨ ਮੰਗਲ ਸਿੰਘ ਦੀ ਕਾਫੀ ਕੁੱਟਮਾਰ ਕਰਨ ਦੀ ਗੱਲ ਆਖੀ ਸੀ।
- One Nation One Election: 'ਇੱਕ ਦੇਸ਼ ਇੱਕ ਚੋਣ' ਲੋਕਤੰਤਰ ਲਈ ਖ਼ਤਰਨਾਕ ? ਭਾਜਪਾ ਦੀ ਮਨਸ਼ਾ 'ਤੇ ਵਿਰੋਧੀਆਂ ਦੇ ਸਵਾਲ ? ਦੇਖੋ ਖ਼ਾਸ ਰਿਪੋਰਟ
- Beating Auto Driver: ਅੰਮ੍ਰਿਤਸਰ 'ਚ ਪੰਜਾਬ ਰੋਡਵੇਜ਼ ਤੇ ਆਟੋ ਦੀ ਟੱਕਰ ਮਗਰੋਂ ਹੰਗਾਮਾ, ਬੱਸ ਚਾਲਕ ਨੇ ਆਟੋ ਚਾਲਕ ਦੀ ਕੀਤੀ ਕੁੱਟਮਾਰ
- Smugglers property Seized: ਬਰਨਾਲਾ ਪੁਲਿਸ ਨੇ 14 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਜ਼ਬਤ ਕਰਕੇ ਕਰਵਾਈ ਨਿਲਾਮੀ
ਸੁਖਬੀਰ ਬਾਦਲ ਨੇ ਹਮਲੇ ਨੂੰ ਨਕਾਰਿਆ: ਉਧਰ ਇਸ ਮਾਮਲੇ ਨੂੰ ਲੈਕੇ ਸੁਖਬੀਰ ਬਾਦਲ ਦਾ ਵੀ ਬਿਆਨ ਪਿਛਲੇ ਦਿਨੀਂ ਸਾਹਮਣੇ ਆਇਆ ਸੀ, ਜਿਸ 'ਚ ਉਨ੍ਹਾਂ ਕਾਫ਼ਲੇ 'ਤੇ ਹੋਏ ਹਮਲੇ ਦੀ ਗੱਲ ਨੂੰ ਨਕਾਰਿਆ ਸੀ। ਇਸ ਦੌਰਾਨ ਬਾਦਲ ਦਾ ਕਹਿਣਾ ਸੀ ਕਿ ਉਨ੍ਹਾਂ 'ਤੇ ਕੋਈ ਹਮਲਾ ਨਹੀਂ ਹੋਇਆ, ਇਹ ਸਿਰਫ਼ ਪਿੰਡ ਦੀ ਦੋ ਧੜਿਆਂ ਦੀ ਰਾਜਨੀਤੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਪਿੰਡ ਦੀਪ ਸਿੰਘ ਵਾਲਾ ਗਏ ਸੀ ਤਾਂ ਉਥੇ ਪਿੰਡ 'ਚ ਹੀ ਇੰਨ੍ਹਾਂ ਦੋ ਧੜਿਆਂ ਦੀ ਰਾਜਨੀਤੀ 'ਚ ਕੋਈ ਲੜਾਈ ਹੋਈ ਹੈ, ਜਿਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ।