ਚੰਡੀਗੜ੍ਹ: ਮੋਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਯੂਨਾਇਟਡ ਅਕਾਲੀ ਦਲ ਖਾਲਸਾ, ਸਿਮਰਜੀਤ ਸਿੰਘ ਮਾਨ ਗਰੁੱਪ ਅਤੇ ਬਲਜੀਤ ਸਿੰਘ ਦਾਦੂਵਾਲ ਸਣੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਯੂ.ਏ.ਪੀ.ਏ ਕਾਨੂੰਨ ਤਹਿਤ ਸਿੱਖਾਂ ਵਿਰੁੱਧ ਮਾਮਲੇ ਦਰਜ ਕਰਨੇ ਬੰਦ ਕਰਨ ਦੀ ਅਪੀਲ ਕੀਤੀ। ਇਨ੍ਹਾਂ ਸਿੱਖ ਜਥੇਬੰਦੀਆਂ ਦੇ ਮੋਰਚੇ ਦੇ ਵਿੱਚ ਖੁਦਕੁਸ਼ੀ ਕਰ ਚੁੱਕੇ ਸੰਗਰੂਰ ਦੇ ਪਿੰਡ ਰੱਤਾਖੇੜਾ ਦੇ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ।
ਇਸ ਮੌਕੇ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਾਲੇ ਦੌਰ ਦੀ ਤਰ੍ਹਾਂ ਮੁੜ ਸਿੱਖ ਨੌਜਵਾਨਾਂ ਉੱਪਰ ਪਰਚੇ ਦਰਜ ਕਰ ਰਹੀ ਹੈ। ਯੂ.ਏ.ਪੀ.ਏ ਕਾਲੇ ਕਾਨੂੰਨ ਦਾ ਸ਼ਿਕਾਰ ਹੋਏ ਭਾਈ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਸਿੱਖ ਜਥੇਬੰਦੀਆਂ ਧਰਨਾ ਪ੍ਰਦਰਸ਼ਨ ਕਰਦੀਆਂ ਰਹਿਣਗੀਆਂ।
ਉੱਥੇ ਹੀ ਧਰਨੇ ਦੀ ਅਗਵਾਈ ਕਰ ਰਹੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਕੇਂਦਰ ਸਰਕਾਰ ਸਣੇ ਅਕਾਲੀ ਤੇ ਕਾਂਗਰਸੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਉੱਪਰ ਤਸ਼ੱਦਦ ਢਾਹੁਣ ਦਾ ਕੰਮ ਕੀਤਾ ਹੈ, ਜਦੋਂ ਤੱਕ ਲਵਪ੍ਰੀਤ ਸਣੇ ਯੂਏਪੀਏ ਤਹਿਤ ਕੇਸਾਂ 'ਚ ਫਸੇ ਸਿੱਖ ਨੌਜਵਾਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਸਿੱਖ ਜਥੇਬੰਦੀਆਂ ਦੇ ਕਹਿਣ ਮੁਤਾਬਕ ਉਨ੍ਹਾਂ ਵੱਲੋਂ ਮੋਰਚਾ ਲਗਾਇਆ ਜਾਵੇਗਾ।