ਮੁਹਾਲੀ: ਫਿਲਮ ਇੰਡਸਟਰੀ ਵਿੱਚ ਕੁੜੀਆਂ ਨੂੰ ਕੰਮ ਦਿਵਾਉਣ ਦਾ ਝਾਸਾਂ ਦੇ ਕੇ ਬਲੈਕਮੇਲ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਹ ਵਿਅਕਤੀ ਵ੍ਹਾਈਟਹਿੱਲ ਕੰਪਨੀ ਦੇ ਨਾਂਅ 'ਤੇ ਝਾਸਾਂ ਦੇ ਕੇ ਕੁੜੀਆਂ ਨੂੰ ਬਲੈਕਮੈਲ ਕਰਦਾ ਸੀ।
ਜਾਣਕਾਰੀ ਮੁਤਾਬਕ ਮੁਹਾਲੀ ਪੁਲਿਸ ਕੋਲ ਪੰਜਾਬੀ ਫਿਲਮ ਪ੍ਰੋਡਿਉਸਰ ਗੁਨਬੀਰ ਸਿੰਘ ਸਿੱਧੂ ਵ੍ਹਾਈਟਹਿੱਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਿੱਲੀ ਦਾ ਵਸਨੀਕ ਉਬੇਦ ਅਫਰੀਕੀ ਜੋ ਕਿ ਆਪਣੇ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਕੁੜੀਆਂ ਨੂੰ ਮੈਸੇਜ ਭੇਜਦਾ ਹੈ ਤੇ ਉਨ੍ਹਾਂ ਦੇ ਨਾਂ (ਗੁਨਬੀਰ ਸਿੰਘ ਸਿੱਧੂ ਵ੍ਹਾਈਟਹਿੱਲ) 'ਤੇ ਕੁੜੀਆਂ ਨੂੰ ਝਾਂਸਾ ਦਿੰਦਾ ਹੈ ਕਿ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਦਿੱਤਾ ਜਾਏਗਾ ਤੇ ਇਸ ਦੀ ਟ੍ਰੇਨਿੰਗ ਵੀ ਦਿੱਤੀ ਜਾਏਗੀ। ਬਾਅਦ ਵਿੱਚ ਕੁੜੀਆਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ।
ਇਹ ਕਾਰਵਾਈ ਮੁਹਾਲੀ ਪੁਲਿਸ ਐਸਐਸਪੀ ਕੁਲਦੀਪ ਸਿੰਘ ਚਹਿਲ ਤੇ ਐਸਪੀ ਸਿਟੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਈ ਹੈ। ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਸਿਮਰਜੀਤ ਬੈਂਸ ਦੇ ਭਰਾ ਨੇ ਪੰਜਾਬ ਸਰਕਾਰ 'ਤੇ ਲਾਏ ਸਿਆਸੀ ਬਦਲਾਖੋਰੀ ਦੇ ਇਲਜ਼ਾਮ
ਪ੍ਰੋਡਿਉਸਰ ਗੁਨਬੀਰ ਸਿੰਘ ਸਿੱਧੂ ਵ੍ਹਾਈਟਹਿੱਲ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਫੇਜ਼-1 ਪੁਲਿਸ ਮੁਹਾਲੀ ਨੇ ਕਾਰਵਾਈ ਕਰਦਿਆਂ ਉਕਤ ਉਬੇਦ ਅਫਰੀਕੀ ਵਾਸੀ ਵੈਸਟ ਸੰਤ ਨਗਰ ਦਿੱਲੀ ਵਿਰੁੱਧ ਮੁਕੱਦਮਾ ਨੰਬਰ 187 ਮਿਤੀ 6 ਸਤੰਬਰ, 2019 ਧਾਰਾ 419, 420 ਆਈਪੀਸੀ, 66ਸੀ, 66ਡੀ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ